ਕੋਰਬਾ: ਛੱਤੀਸਗੜ੍ਹ ਦੇ ਕੋਰਬਾ ਸ਼ਹਿਰ ਵਿੱਚ ਨਹਿਰ ’ਤੇ ਬਣਿਆ ਚਾਰ ਦਹਾਕੇ ਪੁਰਾਣਾ 10 ਟਨ ਵਜ਼ਨੀ ਤੇ 70 ਫੁੱਟ ਲੰਮਾ ਸਟੀਲ ਦਾ ਪੁਲ ਰਾਤੋ-ਰਾਤ ਚੋਰੀ ਹੋ ਗਿਆ। ਇਸ ਚੋਰੀ ਤੋਂ ਸਥਾਨਕ ਲੋਕ ਹੈਰਾਨ ਹਨ। ਤਫ਼ਤੀਸ਼ਕਾਰਾਂ ਨੇ ਇਸ ਘਟਨਾ ਵਿੱਚ 15 ਵਿਅਕਤੀਆਂ ਦੀ ਸ਼ਮੂਲੀਅਤ ਪਾਈ ਹੈ, ਜਿਨ੍ਹਾਂ ਨੇ ਇਸ ਢਾਂਚੇ ਨੂੰ ਕਥਿਤ ਕਬਾੜ ਵਜੋਂ ਵੇਚਣ ਲਈ ਕੱਟਿਆ ਅਤੇ ਚੋਰੀ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਕੋਰਬਾ ਦੇ ਵਧੀਕ ਪੁਲੀਸ ਸੁਪਰਡੈਂਟ ਲਖਨ ਪਟਲੇ ਨੇ ਕਿਹਾ ਕਿ 18 ਜਨਵਰੀ ਨੂੰ ਸਥਾਨਕ ਲੋਕਾਂ ਨੇ ਦੇਖਿਆ ਕਿ ਧੋਧੀਪਾਰਾ ਖੇਤਰ ਦੇ ਵਾਰਡ ਨੰਬਰ 17 ਵਿੱਚ ਹਸਦੇਓ ਖੱਬੀ ਨਹਿਰ ਉੱਤੇ ਬਣਿਆ ਅਤੇ ਪੈਦਲ ਚੱਲਣ ਵਾਲੇ ਰਸਤੇ ਵਜੋਂ ਵਰਤਿਆ ਜਾਣ ਵਾਲਾ ਸਟੀਲ ਦਾ ਪੁਲ ਗਾਇਬ ਹੈ। ਉਪਰੰਤ ਸਥਾਨਕ ਕੌਂਸਲਰ ਲਕਸ਼ਮਣ ਸ਼੍ਰੀਵਾਸ ਨੇ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਅਣਪਛਾਤੇ ਮੁਲਜ਼ਮਾਂ ਨੇ ਢਾਂਚੇ ਦੀਆਂ ਲੋਹੇ ਦੀਆਂ ਰੇਲਿੰਗਾਂ ਨੂੰ ਕੱਟਣ ਲਈ ਗੈਸ ਕਟਰਾਂ ਦੀ ਵਰਤੋਂ ਕੀਤੀ ਸੀ। ਉਨ੍ਹਾਂ ਕਿਹਾ ਕਿ ਸੀਐਸਈਬੀ ਪੁਲੀਸ ਚੌਕੀ ਨੂੰ ਮਿਲੀ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਪੁਲੀਸ ਟੀਮ ਬਣਾਈ ਗਈ ਸੀ। ਤਕਨੀਕੀ ਵਿਸ਼ਲੇਸ਼ਣ, ਮੁਖਬਰਾਂ ਵੱਲੋਂ ਦਿੱਤੀ ਜਾਣਕਾਰੀ ਤੇ ਨਿਰੰਤਰ ਜਾਂਚ ਤੋਂ ਬਾਅਦ ਪੁਲੀਸ ਨੇ ਇਸ ਮਾਮਲੇ ਵਿੱਚ 15 ਮੁਲਜ਼ਮਾਂ ਦੀ ਪਛਾਣ ਕੀਤੀ। ਉਨ੍ਹਾਂ ਵਿੱਚੋਂ ਪੰਜ – ਲੋਚਨ ਕੇਵਟ (20), ਜੈਸਿੰਘ ਰਾਜਪੂਤ (23), ਮੋਤੀ ਪ੍ਰਜਾਪਤੀ (27), ਸੁਮਿਤ ਸਾਹੂ (19) ਅਤੇ ਕੇਸ਼ਵਪੁਰੀ ਗੋਸਵਾਮੀ ਉਰਫ ‘ਪਿਕਚਰ’ (22) ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਸਾਰੇ ਮੁਲਜ਼ਮ ਸੀਐਸਈਬੀ ਪੁਲੀਸ ਚੌਕੀ ਖੇਤਰ ਦੇ ਵਸਨੀਕ ਦੱਸੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਾਕੀ 10 ਮੁਲਜ਼ਮਾਂ, ਜਿਨ੍ਹਾਂ ਵਿੱਚ ਕਥਿਤ ਸਰਗਨਾ ਮੁਕੇਸ਼ ਸਾਹੂ ਅਤੇ ਅਸਲਮ ਖਾਨ ਸ਼ਾਮਲ ਹਨ, ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ, ਜੋ ਫ਼ਿਲਹਾਲ ਫ਼ਰਾਰ ਹਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਲੋਹੇ ਨੂੰ ਸਕ੍ਰੈਪ ਵਜੋਂ ਵੇਚਣ ਲਈ ਚੋਰੀ ਕਰਨ ਦੀ ਗੱਲ ਕਬੂਲ ਕੀਤੀ ਹੈ। ਸੀਐਸਈਬੀ ਪੁਲੀਸ ਚੌਕੀ ਇੰਚਾਰਜ ਭੀਮਸੇਨ ਯਾਦਵ ਨੇ ਕਿਹਾ ਕਿ ਨਹਿਰ ਦੇ ਅੰਦਰ ਲੁਕਾਏ ਗਏ ਲਗਪਗ ਸੱਤ ਟਨ ਸਟੀਲ ਨੂੰ ਜ਼ਬਤ ਕਰ ਲਿਆ ਗਿਆ ਹੈ।
ਪੁਲੀਸ ਨੇ ਚੋਰੀ ਕੀਤੇ ਸਟੀਲ ਨੂੰ ਲਿਜਾਣ ਲਈ ਵਰਤਿਆ ਜਾਣ ਵਾਲਾ ਵਾਹਨ ਵੀ ਜ਼ਬਤ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਜਾਂਚ ਕਰ ਰਹੀ ਹੈ ਕਿ ਬਾਕੀ ਸਮੱਗਰੀ ਕਿੱਥੇ ਵੇਚੀ ਗਈ ਸੀ। ਕਾਰਪੋਰੇਟਰ ਸ਼੍ਰੀਵਾਸ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਲਗਪਗ 70 ਫੁੱਟ ਲੰਬਾ ਅਤੇ ਪੰਜ ਫੁੱਟ ਚੌੜਾ ਇਹ ਪੁਲ 40 ਸਾਲ ਪਹਿਲਾਂ ਬਣਾਇਆ ਗਿਆ ਸੀ ਅਤੇ ਇਸ ਦਾ ਭਾਰ 10 ਟਨ ਤੋਂ ਵੱਧ ਸੀ। ਉਨ੍ਹਾਂ ਕਿਹਾ ਕਿ ਚੋਰੀ ਤੋਂ ਬਾਅਦ ਸਥਾਨਕ ਨਿਵਾਸੀ ਨਹਿਰ ਪਾਰ ਕਰਨ ਲਈ ਨੇੜਲੇ ਕੰਕਰੀਟ ਦੇ ਪੁਲ ਦੀ ਵਰਤੋਂ ਕਰ ਰਹੇ ਹਨ।

