ਮਮਤਾ ਵੱਲੋਂ ਇੱਕਜੁਟ ਹੋਣ ਦਾ ਸੱਦਾ

ਮਮਤਾ ਵੱਲੋਂ ਇੱਕਜੁਟ ਹੋਣ ਦਾ ਸੱਦਾ

ਕੋਲਕਾਤਾ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕਾਂ ਨੂੰ ਕਿਹਾ ਕਿ ਉਹ ਅਜਿਹੀ ਕਿਸੇ ਉਕਸਾਹਟ ’ਚ ਨਾ ਆਉਣ ਜਿਸ ਨਾਲ ਫ਼ਿਰਕੂ ਹਿੰਸਾ ਭੜਕ ਜਾਵੇ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਲੋਕਾਂ ਨਾਲ ਖੜ੍ਹੀ ਰਹੇਗੀ ਤੇ ਇਹ ਯਕੀਨੀ ਬਣਾਵੇਗੀ ਕਿ ਕੋਈ ਵੀ ਤਣਾਅ ਪੈਦਾ ਨਾ ਕਰ ਸਕੇ। ਉਨ੍ਹਾਂ ਭਾਜਪਾ ਦੀ ਰਾਜਨੀਤੀ ਨੂੰ ਵੰਡਪਾਊ ਕਰਾਰ ਦਿੰਦਿਆਂ ਇਸ ਦੀ ਨਿਖੇਧੀ ਕੀਤੀ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਭਗਵਾਂ ਪਾਰਟੀ ਦਾ ‘ਗੰਦਾ ਧਰਮ’ ਹਿੰਦੂਵਾਦ ਦੇ ਮੂਲ ਸਿਧਾਂਤਾਂ ਦੇ ਉਲਟ ਹੈ। ਉਨ੍ਹਾਂ ਇੱਥੇ ਰੈੱਡ ਰੋਡ ’ਤੇ ਈਦ ਦੀ ਨਮਾਜ਼ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਕਿਹਾ,‘ਮੈਂ ਸ੍ਰੀ ਰਾਮਕ੍ਰਿਸ਼ਨ ਪਰਮਹੰਸ ਤੇ ਸਵਾਮੀ ਵਿਵੇਕਾਨੰਦ ਵੱਲੋਂ ਅਪਣਾਏ ਗਏ ਧਰਮ ਨੂੰ ਮੰਨਦੀ ਹਾਂ। ਮੈਂ ਉਨ੍ਹਾਂ (ਭਾਜਪਾ) ਦੇ ਬਣਾਏ ‘ਗੰਦੇ ਧਰਮ’ ਦੀ ਪਾਲਣਾ ਨਹੀਂ ਕਰਦੀ ਜੋ ਹਿੰਦੂ ਧਰਮ ਦੇ ਵੀ ਖ਼ਿਲਾਫ਼ ਹੈ।

ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਨੇ ਕਿਹਾ ਕਿ ਕੋਈ ਧਰਮ ਦੂਜੇ ਇਨਸਾਨ ਖ਼ਿਲਾਫ਼ ਕੱਟੜਤਾ ਦਾ ਉਪਦੇਸ਼ ਨਹੀਂ ਦਿੰਦਾ ਪਰ ਕੁਝ ਆਗੂ ਤੇ ਰਾਜਸੀ ਦਲ ਆਪਣੇ ਫ਼ਾਇਦੇ ਲਈ ਨਫ਼ਰਤ ਫੈਲਾਉਂਦੇ ਹਨ। ਉਨ੍ਹਾਂ ਕਿਹਾ,‘ਦੰਗੇ ਭੜਕਾਉਣ ਲਈ ਉਕਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕਿਰਪਾ ਕਰਕੇ ਇਨ੍ਹਾਂ ਚਾਲਾਂ ’ਚ ਨਾ ਆਉਣਾ।’ ਉਨ੍ਹਾਂ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ,‘ਜੇਕਰ ਉਨ੍ਹਾਂ (ਭਾਜਪਾ) ਨੂੰ ਘੱਟ ਗਿਣਤੀਆਂ ਤੋਂ ਸਮੱਸਿਆ ਹੈ ਤਾਂ ਕੀ ਉਹ ਦੇਸ਼ ਦਾ ਸੰਵਿਧਾਨ ਬਦਲ ਦੇਣਗੇ? ਉਨ੍ਹਾਂ ਭਾਜਪਾ ਦੀ ਵੰਡਪਾਊ ਰਾਜਨੀਤੀ ਬਾਰੇ ਵਿਰੋਧ ਦੁਹਰਾਉਂਦਿਆਂ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਨਮਾਨ ਕਰਨ ’ਚ ਯਕੀਨ ਰੱਖਦੀ ਹੈ। ਉਨ੍ਹਾਂ ਭਾਜਪਾ ਦੀ ਰਾਜਨੀਤੀ ਨੂੰ ਵੰਡਪਾਊ ਦੱਸਦਿਆਂ ਉਸ ਨੂੰ ‘ਜੁਮਲਾ ਰਾਜਨੀਤੀ’ ਦੱਸਿਆ।

Share: