ਬਾਰਾਬੰਕੀ ਜ਼ਿਲ੍ਹੇ ’ਚ ਅੱਜ ਪੂਰਵਾਂਚਲ ਐਕਸਪ੍ਰੈੱਸਵੇਅ ’ਤੇ ਟੈਂਪੂ ਟਰੈਵਲਰ ਵੱਲੋਂ ਇੱਕ ਬੱਸ ਨੂੰ ਪਿੱਛਿਓਂ ਟੱਕਰ ਮਾਰਨ ਕਰਕੇ ਇੱਕ ਮਹਿਲਾ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ। ਹਾਦਸੇ ’ਚ ਛੇ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਪੁਲੀਸ ਨੇ ਦੱਸਿਆ ਕਿ ਛੱਤੀਸਗੜ੍ਹ ਤੋਂ ਆ ਰਹੀ ਬੱਸ ਅਤੇ ਮਹਾਰਾਸ਼ਟਰ ਤੋਂ ਆ ਰਿਹਾ ਟੈਂਪੂ ਟਰੈਵਲਰ ਅਯੁੱਧਿਆ ਵੱਲ ਜਾ ਰਹੇ ਸਨ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਦੀਪਕ, ਸੁਨੀਲ, ਅਨੁਸੂਈਆ ਤੇ ਜੈਸ੍ਰੀ ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ 35 ਤੋਂ 55 ਸਾਲਾਂ ਦੇ ਵਿਚਕਾਰ ਸੀ। ਇਹ ਸਾਰੇ ਮਹਾਰਾਸ਼ਟਰ ਦੇ ਵਸਨੀਕ ਸਨ। ਐੱਸਪੀ ਦਿਨੇਸ਼ ਕੁਮਾਰ ਸਿੰਘ ਨੇ ਕਿਹਾ ਕਿ ਪੁਲੀਸ ਨੇ ਕਟਰ ਦੀ ਵਰਤੋਂ ਕਰਕੇ ਟੈਂਪੂ ਟਰੈਵਲਰ ’ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਦੋ ਵਿਅਕਤੀਆਂ ਨੂੰ ਲਖਨਊ ਹਸਪਤਾਲ ਦੇ ਟਰੌਮਾ ਸੈਂਟਰ ’ਚ ਦਾਖ਼ਲ ਕਰਵਾਇਆ ਗਿਆ ਹੈ ਜਦਕਿ ਬਾਕੀ ਚਾਰ ਜਣੇ ਜ਼ਿਲ੍ਹਾ ਹਸਪਤਾਲ ’ਚ ਜ਼ੇਰੇ ਇਲਾਜ ਹਨ। ਅਧਿਕਾਰੀ ਨੇ ਕਿਹਾ ਕਿ ਪੁਲੀਸ ਨੂੰ ਸ਼ੱਕ ਹੈ ਕਿ ਇਹ ਹਾਦਸਾ ਟੈਂਪੂ ਟਰੈਵਲਰ ਦੇ ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ। ਐੱਸਪੀ ਮੁਤਾਬਕ ਇਸ ਘਟਨਾ ਦੇ ਸਬੰਧ ’ਚ ਟੈਂਪੂ ਟਰੈਵਲਰ ਦੇ ਡਰਾਈਵਰ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ, ਜਿਹੜਾ ਹਾਦਸੇ ਮਗਰੋਂ ਮੌਕੇ ਤੋਂ ਫਰਾਰ ਹੋ ਗਿਆ।
Posted inUttar Pradesh
ਯੂਪੀ ’ਚ ਟੈਂਪੂ ਟਰੈਵਲਰ ਤੇ ਬੱਸ ਦੀ ਟੱਕਰ; ਚਾਰ ਹਲਾਕ
