ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਅੱਜ ਇੱਥੇ ਸੰਗਮ ’ਚ ਇਸ਼ਨਾਨ ਕੀਤਾ।
ਇੱਕ ਅਧਿਕਾਰਤ ਬਿਆਨ ਅਨੁਸਾਰ ਪ੍ਰੇਮ ਸਿੰਘ ਤਮਾਂਗ ਨੇ ਸੰਗਮ ਇਸ਼ਨਾਨ ਨੂੰ ਇੱਕ ਅਧਿਆਤਮਕ ਤਬਦੀਲੀ ਦਾ ਤਜਰਬਾ ਦੱਸਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਅਧਿਆਤਮਿਕ ਸ਼ਾਂਤੀ ਦਾ ਪਲ ਸੀ। ਉਨ੍ਹਾਂ ਕਿਹਾ, ‘ਇਸ ਸ਼ਾਨਦਾਰ ਸਮਾਗਮ ’ਚ ਸ਼ਾਮਲ ਹੋਣਾ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ। ਕਰੋੜਾਂ ਸ਼ਰਧਾਲੂ ਇੱਥੇ ਆਸਥਾ ਤੇ ਭਗਤੀ ਨਾਲ ਇਕੱਠੇ ਹੋਏ ਹਨ ਅਤੇ ਇਸ ਊਰਜਾ ਨੂੰ ਮਹਿਸੂਸ ਕਰਨਾ ਬਹੁਤ ਪ੍ਰੇਰਨਾ ਵਾਲੀ ਗੱਲ ਹੈ।’ ਉਨ੍ਹਾਂ ਕਿਹਾ, ‘ਮੈਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ ਨੂੰ ਧੰਨਵਾਦ ਦਿੰਦਾ ਹਾਂ ਜਿਨ੍ਹਾਂ ਮੈਨੂੰ ਮਹਾਂਕੁੰਭ 2025 ਦਾ ਹਿੱਸਾ ਬਣਨ ਅਤੇ ਤ੍ਰਿਵੇਣੀ ਸੰਗਮ ’ਚ ਇਸ਼ਨਾਨ ਕਰਨ ਦਾ ਮੌਕਾ ਦਿੱਤਾ ਹੈ।’ ਮੁੱਖ ਮੰਤਰੀ ਤਮਾਂਗ ਨਾਲ ਸਿੱਕਮ ਤੋਂ ਆਏ 135 ਮੈਂਬਰੀ ਵਫ਼ਦ ਨੇ ਵੀ ਮਹਾਂਕੁੰਭ ’ਚ ਸੰਗਮ ਵਿੱਚ ਇਸ਼ਨਾਨ ਕੀਤਾ। ਮਹਾਂਕੁੰਭ ਮੇਲੇ ’ਚ ਪੁੱਜੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵ ਕੁਮਾਰ ਨੇ ਵੀ ਅੱਜ ਪਰਿਵਾਰ ਸਮੇਤ ਤ੍ਰਿਵੈਣੀ ਸੰਗਮ ’ਚ ਡੁਬਕੀ ਲਗਾਈ।
ਇਸੇ ਦੌਰਾਨ ਆਰਐੱਸਐੱਸ ਦੇ ਅਹੁਦੇਦਾਰ ਦੱਤਾਤ੍ਰੇਅ ਹੋਸਬਲੇ ਨੇ ਦੋ ਰੋਜ਼ਾ ਦੌਰੇ ’ਤੇ ਅੱਜ ਪ੍ਰਯਾਗਰਾਜ ਪਹੁੰਚਣ ਮਗਰੋਂ ਕਿਹਾ ਕਿ ਮਹਾਂਕੁੰਭ ਸਿਰਫ਼ ਸਨਾਤਨ ਸੰਸਕ੍ਰਿਤੀ ਦਾ ਮੇਲਾ ਨਹੀਂ ਹੈ ਬਲਕਿ ਇਹ ਸ਼ਰਧਾਲੂਆਂ ਦਾ ਅਨੋਖਾ ਸੰਗਮ ਤੇ ਸੰਕਲਪ ਦਾ ਮੌਕਾ ਹੈ। ਸੂਤਰਾਂ ਨੇ ਦੱਸਿਆ ਕਿ ਆਰਐੱਸਐੱਸ ਆਗੂ ਹੋਸਬਾਲੇ 10 ਫਰਵਰੀ ਨੂੰ ਤ੍ਰਿਵੈਣੀ ਸੰਗਮ ’ਚ ਡੁਬਕੀ ਲਾਉਣਗੇ। ਹੋਸਬਾਲੇ ਨੇ ਕਿਹਾ ਕਿ ਸਾਰਿਆਂ ਨੂੰ ਨਵੀਂ ਪੀੜ੍ਹੀ ਵਿਚਾਲੇ ਹਿੰਦੂ ਧਰਮ, ਸੰਸਕ੍ਰਿਤੀ ਤੇ ਆਰਚਨ ਦੇ ਮਹੱਤਵ ’ਤੇ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਧਰਮ ਤੇ ਸੰਸਕ੍ਰਿਤੀ ਦੀ ਰਾਖੀ ਤੇ ਇਸ ਦਾ ਵਿਕਾਸ ਸਮਾਜ ਦੀ ਕੁਲੀਨ ਸ਼ਕਤੀ, ਸੰਤ ਸ਼ਕਤੀ ਤੇ ਸ਼ਾਸਨ ਸ਼ਕਤੀ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਹੀ ਸੰਭਵ ਹੈ।’ -ਪੀਟੀਆਈ
ਗੈਸ ਸਿਲੰਡਰ ਲੀਕ ਹੋਣ ਕਾਰਨ ਟੈਂਟ ’ਚ ਅੱਗ ਲੱਗੀ
ਮਹਾਂਕੁੰਭ ਨਗਰ ਦੇ ਸੈਕਟਰ-19 ’ਚ ਅੱਜ ਇੱਕ ਟੈਂਟ ’ਚ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ ਜਿਸ ਨੂੰ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ 10 ਮਿੰਟ ’ਚ ਬੁਝਾ ਦਿੱਤਾ। ਮੁੱਖ ਫਾਇਰ ਬ੍ਰਿਗੇਡ ਅਧਿਕਾਰੀ ਪ੍ਰਮੋਦ ਸ਼ਰਮਾ ਨੇ ਦੱਸਿਆ ਕਿ ਸੈਕਟਰ-19 ’ਚ ਓਮ ਪ੍ਰਕਾਸ਼ ਪਾਂਡੇ ਸੇਵਾ ਸੰਸਥਾ ਵੱਲੋਂ ਲਾਏ ਗਏ ਟੈਂਟ ’ਚ ਅੱਜ ਸਵੇਰੇ ਕਰੀਬ 11.20 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਮੌਕੇ ’ਤੇ ਪੁੱਜੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ 10 ਮਿੰਟ ’ਚ ਅੱਗ ਬੁਝਾ ਦਿੱਤੀ।
ਵਾਹਨਾਂ ਲਈ ਟੌਲ ਫੀਸ ਮੁਆਫ ਕੀਤੀ ਜਾਵੇ: ਅਖਿਲੇਸ਼
ਲਖਨਊ: ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਮੰਗ ਕੀਤੀ ਕਿ ਮਹਾਂਕੁੰਭ ਯਾਤਰਾ ਦੌਰਾਨ ਯੂਪੀ ਵਿਚ ਬਾਹਰੋਂ ਦਾਖ਼ਲ ਹੋਣ ਵਾਲੇ ਵਾਹਨਾਂ ਲਈ ਟੌਲ ਫੀਸ ਮੁਆਫ਼ ਕੀਤੀ ਜਾਵੇ। ਦੱਸ ਦੇਈਏ ਕਿ ਸ਼ਰਧਾਲੂਆਂ ਦੀ ਭਾਰੀ ਭੀੜ ਕਾਰਨ ਪ੍ਰਯਾਗਰਾਜ ਨੂੰ ਜਾਣ ਵਾਲੀਆਂ ਸੜਕਾਂ ’ਤੇ ਲੰਮਾ ਟਰੈਫਿਕ ਜਾਮ ਦੇਖਣ ਨੂੰ ਮਿਲ ਰਿਹਾ ਹੈ। ਯਾਦਵ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮਹਾਂਕੁੰਭ ਮੌਕੇ ਯੂਪੀ ਵਿਚ ਵਾਹਨਾਂ ਨੂੰ ਟੌਲ ਫਰੀ ਕੀਤਾ ਜਾਣਾ ਚਾਹੀਦਾ ਹੈ, ਇਸ ਨਾਲ ਯਾਤਰਾ ਵਿਚ ਰੁਕਾਵਟਾਂ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਘਟੇਗੀ। ਜਦੋਂ ਫਿਲਮਾਂ ਨੂੰ ਮਨੋਰੰਜਨ ਟੈਕਸ ਮੁਕਤ ਬਣਾਇਆ ਜਾ ਸਕਦਾ ਹੈ ਤਾਂ ਮਹਾਂਕੁੰਭ ਦੇ ਪਵਿੱਤਰ ਤਿਉਹਾਰ ’ਤੇ ਵਾਹਨਾਂ ਨੂੰ ਟੌਲ ਫਰੀ ਕਿਉਂ ਨਹੀਂ ਕੀਤਾ ਜਾ ਸਕਦਾ?’’