ਸਿੰਗਰੌਲੀ : ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਵਿੱਚ ਇੱਕ ਡੰਪਰ ਟਰੱਕ ਦੇ ਮੋਟਰਸਾਈਕਲ ਉੱਤੇ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਗੁੱਸੇ ਵਿੱਚ ਆਏ ਸਥਾਨਕ ਲੋਕਾਂ ਨੇ ਸੜਕ ਜਾਮ ਕਰ ਦਿੱਤੀ ਅਤੇ ਇਲਾਕੇ ਵਿੱਚ ਕੁਝ ਬੱਸਾਂ ਅਤੇ ਟਰੱਕਾਂ ਨੂੰ ਅੱਗ ਲਗਾ ਦਿੱਤੀ। ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਅਮੀਲੀਆ ਘਾਟੀ ਨੇੜੇ ਵਾਪਰੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲੀਸ ਸੁਪਰਡੈਂਟ ਮਨੀਸ਼ ਖੱਤਰੀ ਨੇ ਦੱਸਿਆ ਕਿ ਅਡਾਨੀ ਗਰੁੱਪ ਦੀਆਂ ਖਾਣਾਂ ਨਾਲ ਜੁੜਿਆ ਇੱਕ ਡੰਪਰ ਇੱਕ ਮੋਟਰਸਾਈਕਲ ’ਤੇ ਪਲਟ ਗਿਆ, ਜਿਸ ਵਿੱਚ ਦੋ ਸਵਾਰੀਆਂ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਗੁੱਸੇ ’ਚ ਆ ਕੇ ਪਿੰਡ ਵਾਸੀਆਂ ਨੇ ਪੰਜ ਬੱਸਾਂ ਅਤੇ ਤਿੰਨ ਡੰਪਰਾਂ ਨੂੰ ਅੱਗ ਲਾ ਦਿੱਤੀ ਅਤੇ ਫੈਕਟਰੀ ਏਰੀਏ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ| ਮ੍ਰਿਤਕਾਂ ਦੀ ਪਛਾਣ ਰਾਮਲੱਲੂ ਯਾਦਵ ਅਤੇ ਰਾਮ ਸਾਗਰ ਪ੍ਰਜਾਪਤੀ ਵਜੋਂ ਹੋਈ ਹੈ। ਖੱਤਰੀ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।