ਇੱਥੇ ਚੱਲ ਰਹੇ ਮਹਾਂਕੁੰਭ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਦਰਮਿਆਨ ਮਾਘੀ ਪੂਰਨਮਾਸੀ ਮੌਕੇ ਅੱਜ ਸ਼ਾਮ ਛੇ ਵਜੇ ਤੱਕ ਦੋ ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ ਵਿੱਚ ਡੁਬਕੀ ਲਾਈ। ਅਧਿਕਾਰਿਤ ਬਿਆਨ ਮੁਤਾਬਕ ਅੱਜ ਸਵੇਰੇ ਸ਼ੁਰੂ ਹੋਏ ਪਵਿੱਤਰ ਇਸ਼ਨਾਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸਰਕਾਰ ਨੇ ਇਸ ਦੌਰਾਨ ਇਸ਼ਨਾਨ ਕਰਨ ਵਾਲੇ ਸ਼ਰਧਾਲੂਆਂ ’ਤੇ ਹੈਲੀਕਾਪਟਰ ਨਾਲ ਫੁੱਲਾਂ ਦੀ ਵਰਖਾ ਵੀ ਕਰਵਾਈ। ਅੱਜ ਤੜਕੇ ਤੋਂ ਹੀ ਮਹਿਲਾ, ਪੁਰਸ਼ਾਂ, ਬਜ਼ੁਰਗਾਂ ਤੇ ਬੱਚਿਆਂ ਸਮੇਤ ਸ਼ਰਧਾਲੂਆਂ ਦੀ ਗੰਗਾ ਅਤੇ ਸੰਗਮ ਘਾਟ ਵੱਲ ਆਮਦ ਜਾਰੀ ਰਹੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅੱਜ ਤੜਕੇ ਚਾਰ ਵਜੇ ਤੋਂ ਹੀ ਲਖਨਊ ਸਥਿਤ ਆਪਣੀ ਅਧਿਕਾਰਿਤ ਰਿਹਾਇਸ਼ ਵਿੱਚ ਬਣੇ ‘ਵਾਰ ਰੂਮ’ ਤੋਂ ਮੇਲਾ ਖੇਤਰ ਦੀ ਨਿਗਰਾਨੀ ਕਰ ਰਹੇ ਹਨ। ਮਹਾਂਕੁੰਭ ਮੇਲੇ ਵਿੱਚ ਕਲਪਵਾਸ ਕਰ ਰਹੇ ਕਰੀਬ 10 ਲੱਖ ਕਲਪਵਾਸੀਆਂ ਦਾ ਸੰਕਲਪ ਮਾਘੀ ਪੂਰਨਿਮਾ ਦੇ ਇਸ਼ਨਾਨ ਨਾਲ ਅੱਜ ਪੂਰਾ ਹੋ ਜਾਵੇਗਾ ਅਤੇ ਉਹ ਆਪਣੇ ਘਰਾਂ ਨੂੰ ਰਵਾਨਾ ਹੋਣਾ ਸ਼ੁਰੂ ਕਰ ਦੇਣਗੇ। ਪ੍ਰਸ਼ਾਸਨ ਨੇ ਉਨ੍ਹਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਅਤੇ ਸਿਰਫ਼ ਅਧਿਕਾਰਿਤ ਪਾਰਕਿੰਗ ਥਾਵਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਾਮ ਛੇ ਵਜੇ ਤੱਕ ਦੋ ਕਰੋੜ ਤੋਂ ਵੱਧ ਲੋਕਾਂ ਨੇ ਤ੍ਰਿਵੈਣੀ ਸੰਗਮ ਅਤੇ ਹੋਰ ਘਾਟਾਂ ’ਤੇ ਡੁੱਬਕੀ ਲਗਾਈ ਹੈ। ਉਨ੍ਹਾਂ ਕਿਹਾ ਕਿ ਮਹਾਕੁੰਭ ਸ਼ੁਰੂ ਹੋਣ ਮਗਰੋਂ ਹੁਣ ਤੱਕ ਕੁੱਲ ਮਿਲਾ ਕੇ 47 ਕਰੋੜ ਤੋਂ ਵੱਧ ਲੋਕ ਸੰਗਮ ’ਤੇ ਇਸ਼ਨਾਨ ਕਰ ਚੁੱਕੇ ਹਨ। ‘ਤ੍ਰਿਵੇਣੀ ਸੰਗਮ ਆਰਤੀ ਸੇਵਾ ਸਮਿਤੀ’ ਦੇ ਸੰਸਥਾਪਕ ਅਤੇ ਤੀਰਥ ਪੁਰੋਹਿਤ ਰਾਜੇਂਦਰ ਮਿਸ਼ਰਾ ਨੇ ਕਿਹਾ, ‘‘ਪਿਛਲੀ ਪੂਰਨਿਮਾ ’ਤੇ ਕਲਪਵਾਸ ਦਾ ਸੰਕਲਪ ਲੈਣ ਵਾਲੇ ਕਲਪਵਾਸੀਆਂ ਦਾ ਸੰਕਲਪ ਅੱਜ ਪੂਰਾ ਹੋ ਰਿਹਾ ਹੈ।’’ ਕ੍ਰਿਕਟਰ ਅਨਿਲ ਕੁੰਬਲੇ ਨੇ ਆਮ ਸ਼ਰਧਾਲੂਆਂ ਵਾਂਗ ਆਪਣੀ ਪਤਨੀ ਚੇਤਨਾ ਰਾਮਤੀਰਥ ਨਾਲ ਸੰਗਮ ਵਿੱਚ ਡੁਬਕੀ ਲਗਾਈ।
Posted inUttar Pradesh
ਮਹਾਂਕੁੰਭ: ਪੂਰਨਮਾਸ਼ੀ ਮੌਕੇ ਦੋ ਕਰੋੜ ਤੋਂ ਵੱਧ ਲੋਕਾਂ ਨੇ ਲਾਈ ਡੁਬਕੀ
