ਗੁਜਰਾਤ ਦੇ ਸੂਰਤ ਜ਼ਿਲ੍ਹੇ ਦੇ ਇੱਕੋ ਕੈਂਪਸ ਵਿੱਚ ਸਥਿਤ ਤਿੰਨ ਸਰਕਾਰੀ ਰਿਹਾਇਸ਼ੀ ਸਕੂਲਾਂ ਦੇ 150 ਤੋਂ ਵੱਧ ਵਿਦਿਆਰਥੀ ਵਾਇਰਲ ਇਨਫੈਕਸ਼ਨ ਤੋਂ ਪੀੜਤ ਹਨ ਅਤੇ ਇਨ੍ਹਾਂ ’ਚੋਂ 18 (ਸਾਰੀਆਂ ਕੁੜੀਆਂ) ਨੂੰ ਬੁਖਾਰ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉਮਰਪਾੜਾ ਤਾਲੁਕਾ ਦੇ ਵਾੜੀ ਪਿੰਡ ਵਿੱਚ ਤਿੰਨ ਰਿਹਾਇਸ਼ੀ ਸਕੂਲ ਹਨ, ਜਿਨ੍ਹਾਂ ਵਿੱਚ 650 ਤੋਂ ਵੱਧ ਵਿਦਿਆਰਥੀ ਹਨ। ਮੁੱਖ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਅਨਿਲ ਪਟੇਲ ਨੇ ਦੱਸਿਆ ਕਿ ਇਨ੍ਹਾਂ ’ਚੋਂ 150 ਵਿਦਿਆਰਥੀਆਂ ਨੂੰ ਪਿਛਲੇ ਤਿੰਨ-ਚਾਰ ਦਿਨਾਂ ਵਿੱਚ ਖੰਘ ਅਤੇ ਬੁਖਾਰ ਦੇ ਲੱਛਣਾਂ ਦੇ ਨਾਲ ਉੱਪਰਲੀ ਸਾਹ ਨਾਲੀ ਵਿੱਚ ਇਨਫੈਕਸ਼ਨ ਪਾਈ ਗਈ ਹੈ। ਸ਼ਨਿਚਰਵਾਰ ਨੂੰ ਬੁਖਾਰ ਤੋਂ ਪੀੜਤ 18 ਵਿਦਿਆਰਥਣਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਜਾਂਚ ਕਰਨ ਅਤੇ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਸਕੂਲ ਵਿੱਚ 24 ਤੋਂ ਵੱਧ ਸਿਹਤ ਕਰਮਚਾਰੀਆਂ ਦੀ ਟੀਮ ਤਾਇਨਾਤ ਕੀਤੀ ਹੈ।
ਉਨ੍ਹਾਂ ਕਿਹਾ, ‘ਅਸੀਂ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਇਨਫੈਕਸ਼ਨ ਹਵਾ ਰਾਹੀਂ ਨਾ ਫੈਲੇ ਤੇ ਬੁਖਾਰ ਤੇ ਖੰਘ ਵਾਲੇ ਵਿਦਿਆਰਥੀਆਂ ਨੂੰ ਮਾਸਕ ਪਾ ਕੇ ਅਲੱਗ ਰੱਖਿਆ ਜਾਵੇ। 30 ਕਰਮਚਾਰੀਆਂ ਦੀ ਮੈਡੀਕਲ ਟੀਮ ਸਕੂਲ ’ਚ ਤਾਇਨਾਤ ਹੈ।’