ਕਿਸਾਨਾਂ ਦੀ ਭੂਮਿਕਾ ਨਜ਼ਰਅੰਦਾਜ਼ ਨਹੀਂ ਹੋ ਸਕਦੀ: ਧਨਖੜ

ਕਿਸਾਨਾਂ ਦੀ ਭੂਮਿਕਾ ਨਜ਼ਰਅੰਦਾਜ਼ ਨਹੀਂ ਹੋ ਸਕਦੀ: ਧਨਖੜ

ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਵਿਕਸਤ ਭਾਰਤ ਦੇ ਸਫਰ ਵਿੱਚ ਕਿਸਾਨਾਂ ਦੀ ਭੂਮਿਕਾ ਨੂੰ ਕੋਈ ਵੀ ਨਜ਼ਰਅੰਦਾਜ਼ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਕਿਸਾਨ ਦੇ ਹੱਥਾਂ ਵਿੱਚ ਸਿਆਸੀ ਤਾਕਤ ਅਤੇ ਆਰਥਿਕ ਯੋਗਤਾ ਹੈ। ਉਸ ਨੂੰ ਕਿਸੇ ਦੀ ਮਦਦ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰਾਂ ਦਾ ਲਾਭ ਉਠਾਉਣ ਦੀ ਅਪੀਲ ਵੀ ਕੀਤੀ। ਚਿਤੌੜਗੜ੍ਹ ਵਿੱਚ ਆਲ ਮੇਵਾੜ ਰਿਜਨ ਜਾਟ ਮਹਾਸਭਾ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ, ‘ਜਦੋਂ ਕਿਸਾਨ ਦੀ ਆਰਥਿਕ ਸਥਿਤੀ ਸੁਧਰਦੀ ਹੈ ਤਾਂ ਦੇਸ਼ ਦੇ ਹਾਲਾਤ ਵੀ ਸੁਧਰਦੇ ਹਨ। ਕਿਸਾਨ ਨੂੰ ਕਿਸੇ ਵੱਲ ਨਹੀਂ ਦੇਖਣਾ ਚਾਹੀਦਾ। ਉਸ ਨੂੰ ਕਿਸੇ ਦੀ ਮਦਦ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਕਿਸਾਨ ਦੇ ਮਜ਼ਬੂਤ ਹੱਥਾਂ ਵਿੱਚ ਸਿਆਸੀ ਤਾਕਤ ਅਤੇ ਆਰਥਿਕ ਯੋਗਤਾ ਹੈ।’ ਉਨ੍ਹਾਂ ਕਿਹਾ, ‘ਕੁਝ ਵੀ ਹੋ ਜਾਵੇ, ਕਿੰਨੀਆਂ ਵੀ ਰੁਕਾਵਟਾਂ ਆਉਣ, ਅੱਜ ਦੇ ਦਿਨ ਵਿਕਸਤ ਭਾਰਤ ਦੀ ਯਾਤਰਾ ਵਿੱਚ ਕਿਸਾਨ ਦੀ ਭੂਮਿਕਾ ਨੂੰ ਕੋਈ ਨਜ਼ਰਅੰਦਾਜ਼ ਨਹੀਂ ਸਕਦਾ। ਅੱਜ ਦਾ ਸਰਕਾਰੀ ਸਿਸਟਮ ਕਿਸਾਨਾਂ ਅੱਗੇ ਝੁਕਦਾ ਹੈ।’ ਉਪ ਰਾਸ਼ਟਰਪਤੀ ਨੇ 25 ਸਾਲ ਪਹਿਲਾਂ ਹੋਏ ਜਾਟ ਰਾਖਵਾਂਕਰਨ ਅੰਦੋਲਨ ਦੇ ਦਿਨਾਂ ਨੂੰ ਵੀ ਯਾਦ ਕੀਤਾ। ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰਾਂ ਦਾ ਲਾਭ ਉਠਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ, ‘ਕਿਸਾਨਾਂ ਦੀ ਮਦਦ ਲਈ 730 ਤੋਂ ਵੱਧ ਕ੍ਰਿਸ਼ੀ ਵਿਗਿਆਨ ਕੇਂਦਰ ਹਨ। ਉੱਥੇ ਜਾਓ ਅਤੇ ਉਨ੍ਹਾਂ ਨੂੰ ਪੁੱਛੋ ਕਿ ਤੁਸੀਂ ਸਾਡੀ ਕੀ ਸੇਵਾ ਕਰ ਸਕਦੇ ਹੋ? ਨਵੀਆਂ ਤਕਨੀਕਾਂ ਦਾ ਗਿਆਨ ਪ੍ਰਾਪਤ ਕਰੋ, ਸਰਕਾਰੀ ਨੀਤੀਆਂ ਬਾਰੇ ਜਾਣਕਾਰੀ ਹਾਸਲ ਕਰੋ।’

ਉਪ ਰਾਸ਼ਟਰਪਤੀ ਨੇ ਕਿਹਾ, ‘ਕਿਸਾਨ ਆਪਣੀ ਉਪਜ ਦਾ ਮੁੱਲ ਕਿਉਂ ਨਹੀਂ ਵਧਾ ਰਹੇ। ਆਟਾ ਮਿੱਲਾਂ ਅਤੇ ਤੇਲ ਮਿੱਲਾਂ ਵਰਗੇ ਕਈ ਕਾਰੋਬਾਰ ਕਿਸਾਨਾਂ ਦੇ ਉਤਪਾਦਾਂ ’ਤੇ ਆਧਾਰਤ ਹਨ। ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸਾਨ ਪਸ਼ੂਆਂ ’ਤੇ ਧਿਆਨ ਕੇਂਦਰਿਤ ਕਰਨ। ਜਦੋਂ ਡੇਅਰੀਆਂ ਦਾ ਵਿਸਥਾਰ ਹੁੰਦਾ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਇਸ ਖੇਤਰ ’ਚ ਹੋਰ ਵਾਧਾ ਹੋਣਾ ਚਾਹੀਦਾ ਹੈ।’

Share: