ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਏਪੀ ਸਿੰਘ ਅਤੇ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਐਤਵਾਰ ਨੂੰ ਯੇਲਹਾਂਕਾ ਸਥਿਤ ਏਅਰ ਫੋਰਸ ਸਟੇਸ਼ਨ ’ਤੇ ਹਲਕੇ ਲੜਾਕੂ ਜਹਾਜ਼ (ਐੱਲਸੀਏ) ਤੇਜਸ ’ਚ ਉਡਾਣ ਭਰੀ। ਸੈਨਾ ਦੇ ਸਿਖਰਲੇ ਅਧਿਕਾਰੀਆਂ ਦੀ ਤੇਜਸ ’ਚ ਇਸ ਉਡਾਣ ਨਾਲ ਭਲਕੇ ਤੋਂ ਇਥੇ ਸ਼ੁਰੂ ਹੋ ਰਹੇ ਪ੍ਰੋਗਰਾਮ ਦਾ ਮੁੱਢ ਬੱਝ ਗਿਆ ਹੈ। ਏਅਰੋ ਇੰਡੀਆ 2025 ਸੋਮਵਾਰ ਤੋਂ ਸ਼ੁਰੂ ਹੋ ਕੇ 14 ਫਰਵਰੀ ਤੱਕ ਚੱਲੇਗਾ। ਜਦੋਂ ਏਅਰ ਚੀਫ਼ ਮਾਰਸ਼ਲ ਨੇ ਥਲ ਸੈਨਾ ਮੁਖੀ ਨਾਲ ਤੇਜਸ ’ਚ ਉਡਾਣ ਭਰੀ ਤਾਂ ਸਾਰਿਆਂ ਦੀਆਂ ਨਜ਼ਰਾਂ ਆਸਮਾਨ ਵੱਲ ਸਨ। ਸਫ਼ਲ ਉਡਾਣ ਭਰਨ ਮਗਰੋਂ ਜਨਰਲ ਦਿਵੇਦੀ ਨੇ ਇਸ ਤਜਰਬੇ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਪਲ ਦੱਸਿਆ। ਜਨਰਲ ਦਿਵੇਦੀ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਪਲ ਸੀ ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਏਅਰ ਚੀਫ਼ ਮਾਰਸ਼ਲ ਅਤੇ ਮੈਂ ਇਕੱਠਿਆਂ ਹੀ ਕੋਰਸ ਕੀਤਾ ਹੈ। ਅਸੀਂ ਐੱਨਡੀਏ ਦੇ ਦਿਨਾਂ ਤੋਂ ਇਕੱਠੇ ਹਾਂ। ਜੇ ਕਿਤੇ ਉਹ ਮੈਨੂੰ ਪਹਿਲਾਂ ਮਿਲਦੇ ਤਾਂ ਮੈਂ ਪੱਕੇ ਤੌਰ ’ਤੇ ਹਵਾਈ ਫੌਜ ’ਚ ਜਾਣਾ ਸੀ। ਜਿਵੇਂ ਕਿ ਮੈਂ ਪਹਿਲਾਂ ਵੀ ਆਖਿਆ ਹੈ ਕਿ ਜੇ ਮੈਂ ਹਵਾਈ ਫੌਜ ’ਚ ਜਾਂਦਾ ਤਾਂ ਮੈਂ ਲੜਾਕੂ ਪਾਇਲਟ ਹੁੰਦਾ।’’ ਜਨਰਲ ਨੇ ਕਿਹਾ ਕਿ ਅੱਜ ਤੋਂ ਏਅਰ ਚੀਫ਼ ਮਾਰਸ਼ਲ ਏਪੀ ਸਿੰਘ ਉਨ੍ਹਾਂ ਦੇ ਗੁਰੂ ਬਣ ਗਏ ਹਨ ਕਿਉਂਕਿ ਉਨ੍ਹਾਂ ਆਸਮਾਨ ’ਚ ਰਹਿੰਦਿਆਂ ਬਹੁਤ ਸਾਰੀਆਂ ਗਤੀਵਿਧੀਆਂ ਕਰਨ ਲਈ ਕਿਹਾ। ਫੌਜ ਮੁਖੀ ਨੇ ਕਿਹਾ ਕਿ ਉਨ੍ਹਾਂ ਉਡਾਣ ਦਾ ਆਨੰਦ ਮਾਣਿਆ ਕਿਉਂਕਿ ਇਹ ਇਕ ਵੱਡੀ ਚੁਣੌਤੀ ਸੀ। ਐੱਲਸੀਏ ਤੇਜਸ ਇਕ ਭਾਰਤੀ ਲੜਾਕੂ ਜੈੱਟ ਹੈ ਜਿਸ ਨੂੰ ਐਰੋਨੌਟੀਕਲ ਡਿਵੈਲਪਮੈਂਟ ਏਜੰਸੀ ਵੱਲੋਂ ਡਿਜ਼ਾਈਨ ਅਤੇ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਵੱਲੋਂ ਭਾਰਤੀ ਹਵਾਈ ਸੈਨਾ ਤੇ ਜਲ ਸੈਨਾ ਲਈ ਤਿਆਰ ਕੀਤਾ ਗਿਆ ਹੈ।
ਏਅਰੋਸਪੇਸ ਸੈਕਟਰ ਦਾ ਭਵਿੱਖ ਦੇਖਣ ਲਈ ਉਤਸ਼ਾਹਿਤ: ਰਾਜਨਾਥ
ਨਵੀਂ ਦਿੱਲੀ: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਉਹ ਬੰਗਲੂਰੂ ਵਿੱਚ ‘ਏਅਰੋ ਇੰਡੀਆ’ ਦੇ 15ਵੇਂ ਐਡੀਸ਼ਨ ਵਿੱਚ ਸ਼ਾਮਲ ਹੋਣਗੇ, ਜੋ ਅਤਿ-ਆਧੁਨਿਕ ਰੱਖਿਆ ਤਕਨਾਲੋਜੀਆਂ ਅਤੇ ਵਿਸ਼ਵਵਿਆਪੀ ਹਵਾਬਾਜ਼ੀ ਉੱਤਮਤਾ ਦਾ ਪ੍ਰਦਰਸ਼ਨ ਕਰੇਗਾ। ਉਨ੍ਹਾਂ ਕਿਹਾ ਕਿ ਉਹ ਏਅਰੋਸਪੇਸ ਸੈਕਟਰ ਦਾ ਭਵਿੱਖ ਦੇਖਣ ਲਈ ਉਤਸ਼ਾਹਿਤ ਹਨ। ‘ਏਅਰੋ ਇੰਡੀਆ’ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਏਅਰ ਸ਼ੋਅ ਮੰਨਿਆ ਜਾਂਦਾ ਹੈ। ਇਹ 10 ਫਰਵਰੀ ਤੋਂ ਬੰਗਲੂਰੂ ਸ਼ਹਿਰ ਦੇ ਯੇਲਹਾਂਕਾ ਏਅਰ ਫੋਰਸ ਸਟੇਸ਼ਨ ’ਤੇ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਰਾਜਨਾਥ ਸਿੰਘ ਨੇ ਐਕਸ ’ਤੇ ਕਿਹਾ, ‘ਏਅਰੋ-ਇੰਡੀਆ ਦੇ 15ਵੇਂ ਐਡੀਸ਼ਨ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਤੋਂ ਬੰਗਲੂਰੂ ਜਾ ਰਿਹਾ ਹਾਂ। ਇਹ ਅਤਿ-ਆਧੁਨਿਕ ਰੱਖਿਆ ਤਕਨਾਲੋਜੀਆਂ ਅਤੇ ਵਿਸ਼ਵਵਿਆਪੀ ਹਵਾਬਾਜ਼ੀ ਉੱਤਮਤਾ ਦਾ ਪ੍ਰਦਰਸ਼ਨ ਕਰੇਗਾ। ਏਅਰੋਸਪੇਸ ਸੈਕਟਰ ਦਾ ਭਵਿੱਖ ਦੇਖਣ ਲਈ ਉਤਸ਼ਾਹਿਤ ਹਾਂ।’ ਰੱਖਿਆ ਉਤਪਾਦਨ ਵਿਭਾਗ ਨੇ ਵੀ ਐਕਸ ’ਤੇ 10-14 ਫਰਵਰੀ ਤੱਕ ਹੋਣ ਵਾਲੇ ਸ਼ੋਅ ਬਾਰੇ ਜਾਣਕਾਰੀ ਸਾਂਝੀ ਕੀਤੀ। ਵਿਭਾਗ ਨੇ ਕਿਹਾ ਕਿ ਰੱਖਿਆ ਮੰਤਰੀ 10 ਫਰਵਰੀ ਨੂੰ ਏਅਰੋ ਇੰਡੀਆ 2025 ਵਿੱਚ ‘ਇੰਡੀਆ ਪਵੇਲੀਅਨ’ ਦਾ ਉਦਘਾਟਨ ਕਰਨਗੇ।