ਚੰਡੀਗੜ੍ਹ-ਲਹਿੰਦੇ ਪੰਜਾਬ ਵਿਖੇ ਜਾਰੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਹਿੱਸਾ ਬਣਨ ਲਈ ਚੜ੍ਹਦੇ ਪੰਜਾਬ ਤੋਂ ਸੁਪ੍ਰਸਿੱਧ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਅੱਜ ਲਾਹੌਰ ਪੁੱਜ ਗਏ ਹਨ, ਜਿੰਨ੍ਹਾਂ ਦਾ ਵਾਹਗਾ ਬਾਰਡਰ ਉਤੇ ਪੁੱਜੀਆਂ ਉੱਥੋਂ ਦਾ ਉੱਘੀਆਂ ਕਲਾ ਖੇਤਰ ਸ਼ਖਸੀਅਤਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਨਿੱਘਾ ਸੁਆਗਤ ਕੀਤਾ ਗਿਆ।ਉਕਤ ਮੌਕੇ ਖੁਸ਼ਾਮਦੀਦ ਕਹਿਣ ਪੁੱਜੇ ਪਾਕਿਸਤਾਨੀ ਨੁਮਾਇੰਦਿਆਂ ਦੀ ਅਗਵਾਈ ਅੰਜ਼ੁਮ ਗਿੱਲ ਨੇ ਕੀਤੀ, ਜਿੰਨ੍ਹਾਂ ਅਨੁਸਾਰ ਲਾਹੌਰ ਦੇ ਗਦਾਫੀ ਸਟੇਡੀਅਮ ਵਿਖੇ 20 ਨਵੰਬਰ ਤੱਕ ਜਾਰੀ ਰਹਿਣ ਵਾਲੀ ਇਹ ਦੂਸਰੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਹੈ, ਜਿਸ ਦਾ ਆਯੋਜਨ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਵੱਡੇ ਪੱਧਰ ਉੱਪਰ ਕੀਤਾ ਜਾ ਰਿਹਾ ਹੈ।
ਆਲਮੀ ਪੱਧਰ ਉਤੇ ਖਿੱਚ ਦਾ ਕੇਂਦਰ ਬਣੀ ਉਕਤ ਕਾਨਫਰੰਸ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਅੰਜ਼ੁਮ ਗਿੱਲ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾ ਰਹੀਆਂ ਚੜ੍ਹਦੇ ਪੰਜਾਬ ਦੀਆਂ ਹਸਤੀਆਂ ਵਿੱਚ ਸਾਹਿਤਕਾਰ ਜਸਵੰਤ ਸਿੰਘ ਜ਼ਫਰ, ਪਾਲੀਵੁੱਡ ਐਕਟਰਜ਼ ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ ਤੋਂ ਇਲਾਵਾ ਸਹਿਜਪ੍ਰੀਤ ਮਾਂਗਟ, ਜਤਿੰਦਰ ਤੂਰ, ਹਰਮਨ ਥਿੰਦ, ਜੀ ਲਹਿਰੀ, ਸਕੈਚ ਆਰਟਿਸਟ ਗੁਰਪ੍ਰੀਤ ਸਿੰਘ ਬਠਿੰਡਾ ਆਦਿ ਸ਼ਾਮਿਲ ਹਨ।