ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਸਮੇਂ ਸਾਂਝੇ ਫਰੰਟ ਵਲੋਂ 30 ਅਪ੍ਰੈਲ ਨੂੰ ਕੀਤੇ ਜਾਣ ਵਾਲੇ ਝੰਡਾ ਮਾਰਚ ਦੀ ਤਿਆਰੀਆਂ ਮੁਕੰਮਲ

ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਸਮੇਂ ਸਾਂਝੇ ਫਰੰਟ ਵਲੋਂ 30 ਅਪ੍ਰੈਲ ਨੂੰ ਕੀਤੇ ਜਾਣ ਵਾਲੇ ਝੰਡਾ ਮਾਰਚ ਦੀ ਤਿਆਰੀਆਂ ਮੁਕੰਮਲ

ਜਲੰਧਰ – 26 ਅਪ੍ਰੈਲ – ਪੰਜਾਬ-ਯੂ.ਟੀ.ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਲੋਕ ਸਭਾ ਜਲੰਧਰ ਦੀ ਹੋ ਰਹੀ ਜ਼ਿਮਨੀ ਚੋਣ ਸਮੇਂ 30 ਅਪ੍ਰੈਲ ਨੂੰ ਨਕੋਦਰ ਵਿਖੇ ਅਤੇ 07 ਮਈ ਨੂੰ ਜਲੰਧਰ ਸ਼ਹਿਰ ਵਿਖੇ ਝੰਡਾ ਮਾਰਚ ਕੀਤਾ ਜਾ ਰਿਹਾ ਹੈ। ਇਸ ਝੰਡੇ ਮਾਰਚ ਦੀਆਂ ਤਿਆਰੀਆਂ ਲਈ ਸਾਂਝੇ ਫਰੰਟ ਦੀ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਕੀਤੀ ਗਈ। ਮੀਟਿੰਗ ਇਸ ਸਾਂਝੇ ਫਰੰਟ ਦੇ ਪ੍ਰੋਗਰਾਮ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ-ਯੂ.ਟੀ ਮੁਲਾਜ਼ਮ ਤੇ ਪੈਂਨਸ਼ਨਰ ਸਾਂਝਾ ਫਰੰਟ ਦੇ ਸੂਬਾਈ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ ਮੁਲਾਜ਼ਮ ਆਗੂਆਂ ਨੂੰ ਗੱਲਬਾਤ ਕਰਨ ਦਾ ਸਮਾਂ ਦੇ ਕੇ ਵਾਰ-ਵਾਰ ਗੱਲਬਾਤ ਕਰਨ ਤੋਂ ਭੱਜਣ ਕਾਰਨ ਪੰਜਾਬ ਸਰਕਾਰ ਦੀ ਵਾਇਦਾ ਖਿਲਾਫੀ ਵਿਰੁੱਧ ਪੰਜਾਬ ਦੇ ਮੁਲਾਜ਼ਮ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਜ਼ਿਮਨੀ ਚੋਣ ਸਮੇਂ 30 ਅਪ੍ਰੈਲ ਨੂੰ ਨਕੋਦਰ ਅਤੇ 7 ਮਈ ਨੂੰ ਜਲੰਧਰ ਵਿਖੇ ਝੰਡਾ ਮਾਰਚ ਸਮੇਂ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਨਕਾਰਾਤਮਕ ਪਹੁੰਚ ਨੂੰ ਲੋਕਾਂ ਵਿੱਚ ਨੰਗਾ ਕੀਤਾ ਜਾਵੇਗਾ । ਝੰਡਾ ਮਾਰਚ ਦੌਰਾਨ ਖਾਸ ਕਰਕੇ 1972 ਦੇ ਨਿਯਮਾਂ ਅਨੁਸਾਰ ਪੁਰਾਣੀ ਪੈਨਸ਼ਨ ਦੀ ਤੁਰੰਤ ਬਹਾਲੀ ਕਰਨ, ਸਮੂਹ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕਰਨ, ਛੇਵੇਂ ਪੇ ਕਮਿਸ਼ਨ ਦੇ 01/01/2016 ਤੋਂ 30/06/2021 ਤੱਕ ਦੇ ਬਕਾਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤੁਰੰਤ ਨਗਦ ਦੇਣ, ਪੈਂਨਸ਼ਨ ਰੀਵਾਈਜ ਲਈ ਪੈਂਨਸ਼ਨਰਾਂ ਉਪਰ 2.59 ਦਾ ਗੁਣਾਂਕ ਲਾਗੂ ਕਰਨ, ਮੈਡੀਕਲ ਭੱਤਾ 2000/-ਰੁਪਏ ਪ੍ਰਤੀ ਮਹੀਨਾ ਕਰਨ, ਕੈਸ਼ਲੈੱਸ ਹੈੱਲਥ ਸਕੀਮ ਨੂੰ ਸੋਧ ਕੇ ਤੁਰੰਤ ਲਾਗੂ ਕਰਨ, 2400/-ਰੁਪਏ ਦੀ ਜ਼ਬਰੀ ਜਜੀਆ ਕਟੌਤੀ ਨੂੰ ਬੰਦ ਕਰਨ, ਮਾਣ ਭੱਤਾ ਮੁਲਾਜ਼ਮਾਂ ਨੂੰ ਤੁਰੰਤ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ ਬਣਦੀ ਤਨਖਾਹ ਦੇਣ ਆਦਿ ਸਾਂਝੀਆਂ ਮੁਲਾਜ਼ਮ ਮੰਗਾਂ ਨੂੰ ਆਮ ਲੋਕਾਂ ਦੀ ਕਚਹਿਰੀ ਵਿੱਚ ਲਿਜਾਇਆ ਜਾਵੇਗਾ । ਇਸ ਸਬੰਧੀ ਵੱਖ ਵੱਖ ਆਗੂਆਂ ਨੂੰ ਜ਼ਿਮੇਵਾਰੀ ਸੌਪੀ ਗਈ। ਨਕੋਦਰ ਹਲਕੇ ਝੰਡਾ ਮਾਰਚ ਦਾ ਰੂਟ ਤੈਅ ਕੀਤਾ ਗਿਆ। ਜੋ ਕਿ ਹੇਠ ਲਿਖੇ ਅਨੁਸਾਰ ਹੈ :-
ਗੁਰੂ ਨਾਨਕ ਕਾਲਜ ਤੋਂ ਸਵੇਰੇ 10:30 ਵਜੇ ਤੁਰ ਕੇ ਜਲੰਧਰ ਬਾਈਪਾਸ ਰਾਹੀਂ ਨਕੋਦਰ ਬੱਸ ਅੱਡਾ, ਨਕੋਦਰ ਬੱਸ ਅੱਡੇ ਤੋਂ ਨੂਰਮਹਿਲ ਰੋਡ ਰਾਹੀਂ ਰੇੜਵਾਂ, ਮਾਹੂੰਵਾਲ, ਬੀਰ ਪਿੰਡ, ਲਿੱਤਰਾਂ, ਸ਼ੰਕਰ, ਸ਼ੰਕਰ ਅੱਡੇ ਵਿੱਚੋਂ ਪੁਰੇਵਾਲ ਪੈਲਸ ਵੱਲ ਦੀ ਹੁੰਦੇ ਹੋਏ ਪੂਰੇ ਪਿੰਡ ਦਾ ਉਪਰ ਦਾ ਗੇੜਾ, ਸ਼ਰੀਂਹ, ਭੰਡਾਲ ਤੋਂ ਨੂਰਮਹਿਲ ।
ਨੂਰਮਹਿਲ ਵਿਖੇ ਝੰਡਾ ਮਾਰਚ ਦੀ ਸਮਾਪਤੀ ਕੀਤੀ ਜਾਵੇਗੀ।
ਸਾਰੇ ਸੰਘਰਸ਼ਸ਼ੀਲ ਸਾਥੀਆਂ ਨੂੰ ਇਸ ਪ੍ਰੋਗਰਾਮ ਵਿਚ ਸਾਥੀਆਂ ਸਮੇਤ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ ।
ਅੱਜ ਦੀ ਇਸ ਮੀਟਿੰਗ ਵਿਚ ਸੁਰਿੰਦਰ ਪੁਆਰੀ, ਨਵਪ੍ਰੀਤ ਸਿੰਘ ਬੱਲੀ, ਤੀਰਥ ਸਿੰਘ ਬਾਸੀ, ਕਰਨੈਲ ਫਿਲੌਰ, ਹਰਿੰਦਰ ਦੁਸਾਂਝ, ਪਿਆਰਾ ਸਿੰਘ, ਕੁਲਦੀਪ ਵਾਲੀਆ, ਠੋਰੂ ਰਾਮ, ਕੁਲਦੀਪ ਸਿੰਘ ਬਾਹਮਣੀਆਂ, ਹਰਿੰਦਰਜੀਤ ਸਿੰਘ, ਹਰਿੰਦਰ ਸਿੰਘ ਚੀਮਾ, ਨਿਰਮੋਲਕ ਸਿੰਘ ਹੀਰਾ, ਬਲਜੀਤ ਸਿੰਘ ਕਲਾਰ, ਅਮਨਦੀਪ ਬਾਗਪੁਰੀ, ਕੁਲਵਿੰਦਰ ਸਿੰਘ ਜੋਸਨ, ਕੰਵਲਜੀਤ ਸੰਗੋਵਾਲ, ਮਨਦੀਪ ਕੌਰ, ਕਮਲਜੀਤ ਸਿੰਘ ਬਜੂਹਾ ਜਸਪਾਲ ਸੰਧੂ, ਕੁਲਦੀਪ ਰਾਣਾ, ਹਰਸਿਮਰਨ ਸਿੰਘ ਆਦਿ ਆਗੂ ਹਾਜਰ ਸਨ।

Share: