ਮਹਿੰਗਾਈ ਦੇ ਮੋਰਚੇ ‘ਤੇ ਆਮ ਆਦਮੀ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ, ਕਿਉਂਕਿ ਕਣਕ ਦੀਆਂ ਕੀਮਤਾਂ (Wheat Prices) ਵਿਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਕਾਰੋਬਾਰੀ ਜਗਤ ਅਤੇ ਮੰਡੀ ਦੇ ਸੂਤਰਾਂ ਅਨੁਸਾਰ ਸਰਕਾਰ ਵੱਲੋਂ 30 ਲੱਖ ਟਨ ਕਣਕ ਖੁੱਲ੍ਹੀ ਮੰਡੀ ਵਿੱਚ ਵੇਚਣ ਦੇ ਲਏ ਗਏ ਫੈਸਲੇ ਨਾਲ ਕਣਕ ਅਤੇ ਆਟੇ ਦੀਆਂ ਕੀਮਤਾਂ ਵਿੱਚ 4 ਤੋਂ 6 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਆ ਸਕਦੀ ਹੈ।
ਬਿਜ਼ਨਸ ਸਟੈਂਡਰਡ ਦੀ ਰਿਪੋਰਟ ਦੇ ਅਨੁਸਾਰ, ਕਣਕ ਅਤੇ ਇਸ ਦੇ ਆਟੇ ਦੀਆਂ ਵਧਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਬਫਰ ਸਟਾਕ ਤੋਂ 30 ਲੱਖ ਟਨ ਕਣਕ ਖੁੱਲੇ ਬਾਜ਼ਾਰ ਵਿੱਚ ਵੇਚਣ ਦਾ ਐਲਾਨ ਕੀਤਾ। ਇਹ ਕਣਕ ਅਗਲੇ 2 ਮਹੀਨਿਆਂ ਵਿੱਚ ਭਾਰਤੀ ਖੁਰਾਕ ਨਿਗਮ (ਐਫਸੀਆਈ) ਰਾਹੀਂ ਵੱਖ-ਵੱਖ ਮਾਧਿਅਮਾਂ ਰਾਹੀਂ ਵੇਚੀ ਜਾਵੇਗੀ।
ਬਾਜ਼ਾਰ ਸੂਤਰਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ 2023-24 ਲਈ ਘੱਟੋ-ਘੱਟ ਸਮਰਥਨ ਮੁੱਲ ਤੋਂ ਵੱਧ ਬੋਨਸ ਦਾ ਐਲਾਨ ਨਹੀਂ ਕਰਦੀ, ਇਹ ਕੇਂਦਰ ਲਈ ਨਵੇਂ ਮਾਰਕੀਟਿੰਗ ਸੀਜ਼ਨ ਵਿੱਚ ਆਪਣੇ ਸਟਾਕਾਂ ਨੂੰ ਭਰਨਾ ਮੁਸ਼ਕਲ ਬਣਾ ਸਕਦਾ ਹੈ। ਹਾਲਾਂਕਿ, ਹੋਰਾਂ ਦਾ ਵਿਚਾਰ ਹੈ ਕਿ ਇੱਕ ਵਾਰ ਜਦੋਂ ਕਣਕ ਦੀ ਨਵੀਂ ਫਸਲ ਮੰਡੀ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ, ਤਾਂ ਮੱਧ ਪ੍ਰਦੇਸ਼ ਨੂੰ ਛੱਡ ਕੇ ਸਾਰੇ ਉਤਪਾਦਕ ਰਾਜਾਂ ਵਿੱਚ ਕੀਮਤਾਂ ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਾਂ ਆ ਸਕਦੀਆਂ ਹਨ, ਬਸ਼ਰਤੇ ਉਤਪਾਦਨ ਚੰਗਾ ਹੋਵੇ।
ਦੱਸ ਦਈਏ ਕਿ ਬੁੱਧਵਾਰ ਨੂੰ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ‘ਚ ਕਣਕ ਦੀ ਔਸਤ ਕੀਮਤ 33.43 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦਕਿ ਪਿਛਲੇ ਸਾਲ ਇਸ ਸਮੇਂ ‘ਚ ਇਹ ਕੀਮਤ 28.24 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਦੇ ਨਾਲ ਹੀ ਇਸ ਸਾਲ ਕਣਕ ਦੇ ਆਟੇ ਦੀ ਔਸਤ ਕੀਮਤ 37.95 ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ ਅਤੇ ਪਿਛਲੇ ਸਾਲ ਇਹ ਕੀਮਤ 31.41 ਰੁਪਏ ਪ੍ਰਤੀ ਕਿਲੋਗ੍ਰਾਮ ਸੀ।