ਪਾਕਿਸਤਾਨ ‘ਚ ਜਲਦ ਦੂਰ ਹੋਵੇਗੀ ਬਿਜਲੀ ਦੀ ਸਮੱਸਿਆ

ਪਾਕਿਸਤਾਨ ‘ਚ ਜਲਦ ਦੂਰ ਹੋਵੇਗੀ ਬਿਜਲੀ ਦੀ ਸਮੱਸਿਆ

ਆਰਥਿਕ ਸੰਕਟ ਦੇ ਨਾਲ ਜੂਝ ਰਹੇ ਪਾਕਿਸਤਾਨ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਪਾਕਿਸਤਾਨ ਵਿੱਚ ਬਿਜਲੀ ਸੰਕਟ ਗਹਿਰਾਇਆ ਹੋਇਆ ਹੈ । ਪਰ ਖਬਰਾਂ ਆ ਰਹੀਆਂ ਹਨ ਕਿ ਜਲਦ ਹੀ ਪਾਕਿਸਤਾਨ ਦੇ ਲੋਕਾਂ ਦੇ ਘਰਾਂ ਵਿੱਚ ਛਾਇਆ ਹਨੇਰਾ ਦੂਰ ਹੋ ਜਾਵੇਗਾ ।ਮੰਗਲਵਾਰ ਨੂੰ ਪਾਕਿਸਤਾਨ ਦੇੇ ਊਰਜਾ ਮੰਤਰਾਲੇ ਵੱਲੋਂ ਇਹ ਕਿਹਾ ਗਿਆ ਹੈ ਕਿ ਰਾਸ਼ਟਰੀ ਪਾਵਰ ਗਰਿੱਡ ਲਗਭਗ 24 ਘੰਟਿਆਂ ਤੱਕ ਪ੍ਰਭਾਵਿਤ ਰਿਹਾ ਸੀ ਪਰ ਹੁਣ ਇਸ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ 1,112 ਗਰਿੱਡ ਸਟੇਸ਼ਨ ਆਨਲਾਈਨ ਵਾਪਸ ਆ ਗਏ ਹਨ। ਜਿਸ ਦੀ ਵਜ਼੍ਹਾ ਕਾਰਨ ਪੂਰੇ ਦੇਸ਼ ਵਿੱਚ ਬਿਜਲੀ ਮੁੜ ਬਹਾਲ ਕਰ ਦਿੱਤੀ ਜਾਵੇਗੀ।

ਦਰਅਸਲ ਪਾਕਿਸਤਾਨ ਦੇ ਵਿੱਚ ਸੋਮਵਾਰ ਤੋਂ ਬਿਜਲੀ ਦੀ ਸਪਲਾਈ ਬੰਦ ਹੋ ਗਈ ਸੀ।ਅਸਲ ਵਿੱਚ ਅਕਤੂਬਰ 2022 ਤੋਂ ਬਾਅਦ ਇਹ ਦੂਸਰਾ ਮੌਕਾ ਹੈ ਜਦੋਂ ਪਾਕਿਸਤਾਨ ਦੇ ਪਾਵਰ ਗਰਿੱਡ ਵਿੱਚ ਇੰਨਾ ਵੱਡਾ ਨੁਕਸ ਸਾਹਮਣੇ ਆਇਆ ਹੈ। ਦੂਜੇ ਪਾਸੇ ਪਾਕਿਸਤਾਨ ਦੀ 22 ਕਰੋੜ ਆਬਾਦੀ ਨੂੰ ਹਰ ਦਿਨ ਬਿਜਲੀ ਵੱਡੇ-ਵੱਡੇ ਕੱਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਬਿਜਲੀ ਸੰਕਟ ਦੇ ਨਾਲ ਜੂਝ ਰਹੇ ਵੱਡੇ ਸ਼ਹਿਰਾਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੇ ਘਰਾਂ ਵਿੱਚ ਬਿਜਲੀ ਮੁੜ ਵਾਪਸ ਆ ਗਈ ਹੈ। ਪਰ ਦੇਸ਼ ਦੇ ਕੁਝ ਇਲਾਕਿਆਂ ਦੇ ਵਿੱਚ ਅਜੇ ਵੀ ਬਿਜਲੀ ਬੰਦ ਪਈ ਹੈ। ਵਿਸ਼ਲੇਸ਼ਕ ਅਤੇ ਅਧਿਕਾਰੀ ਇਸ ਸਮੱਸਿਆ ਲਈ ਪੁਰਾਣੇ ਬਿਜਲੀ ਨੈੱਟਵਰਕ ਅਤੇ ਮਾੜੇ ਬੁਨਿਆਦੀ ਢਾਂਚੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਜਿਸ ਨੂੰ ਠੀਕ ਕਰਨ ਦੀ ਬੇਹੱਦ ਸਖ਼ਤ ਲੋੜ ਹੈ। ਪਰ ਦੂਜੇ ਪਾਸੇ ਪਾਕਿਸਤਾਨ ਦੀ ਸਰਕਾਰ ਦਾ ਕਹਿਣਾ ਹੈ ਕਿ ਉਹ ਹੁਣ ਬਿਜਲੀ ਦੇ ਇਨ੍ਹਾਂ ਖਰਚਿਆਂ ਨੂੰ ਨਹੀਂ ਚੁੱਕ ਸਕਦੀ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਪਿਛਲੇ 20 ਸਾਲਾਂ ਵਿੱਚ ਪੰਜ ਵਾਰ ਪਾਕਿਸਤਾਨ ਨੂੰ ਆਰਥਿਕ ਸੰਕਟ ਵਿੱਚੋਂ ਬਾਹਰ ਕੱਢਣ ਦੇ ਵਿੱਚ ਮਦਦ ਕੀਤੀ ਹੈ।ਪਾਕਿਸਤਾਨ ਹਾਲੇ ਵੀ ਗਰੀਬੀ ਦੇ ਨਾਲ ਜੂਝ ਰਿਹਾ ਹੈ। ਇਸ ਵਾਰ ਆਈਐਮਐਫ ਦੀ ਕਿਸ਼ਤ ਪਾਕਿਸਤਾਨ ਸਰਕਾਰ ਨਾਲ ਮਤਭੇਦਾਂ ਦੀ ਵਜ਼ਹਾਂ ਕਰ ਕੇ ਰੁਕੀ ਹੋਈ ਹੈ।ਪਾਕਿਸਤਾਨ ਵੱਲ ਮੰਗ ਨੂੰ ਪੂਰਾ ਕਰਨ ਲਈ ਲੋੜੀਂਦੀ ਬਿਜਲੀ ਸਮਰੱਥਾ ਤਾਂ ਹੈ ਪਰ ਤੇਲ ਅਤੇ ਗੈਸ ਨਾਲ ਚੱਲਣ ਵਾਲੇ ਪਲਾਂਟ ਚਲਾਉਣ ਲਈ ਸਰੋਤਾਂ ਦੀ ਘਾਟ ਹੈ। ਇਹ ਸੈਕਟਰ ਕਰਜ਼ੇ ਵਿੱਚ ਇੰਨਾ ਡੂੰਘਾ ਹੈ ਕਿ ਇਹ ਬੁਨਿਆਦੀ ਢਾਂਚੇ ਅਤੇ ਬਿਜਲੀ ਲਾਈਨਾਂ ਵਿੱਚ ਨਿਵੇਸ਼ ਕਰਨ ਦੇ ਸਮਰੱਥ ਨਹੀਂ ਹੈ।

Share: