ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਕੈਪਟਨ ਅਮਰਿੰਦਰ ਸਿੰਘ ਮਹਾਰਾਸ਼ਟਰ ਦੇ ਗਵਰਨਰ ਬਣਾਏ ਜਾ ਸਕਦੇ ਹਨ ।ਕੈਪਟਨ ਅਮਰਿੰਦਰ ਸਿੰਘ ਮਹਾਰਾਸ਼ਟਰ ਦੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਦੀ ਥਾਂ ਮਹਾਰਾਸ਼ਟਰ ਦਾ ਅਗਲਾ ਗਵਰਨਰ ਬਣ ਸਕਦੇ ਹਨ ਕਿਉਂਕਿ ਕੋਸ਼ੀਆਰੀ ਦੇ ਵੱਲੋਂ ਮਰਾਠਾ ਸ਼ਾਸਕ ਛਤਰਪਤੀ ਸ਼ਿਵਾਜੀ ਮਹਾਰਾਜ ਬਾਰੇ ਟਿੱਪਣੀ ਕੀਤੀ ਸੀ ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ । ਜਿਸ ਤੋਂ ਬਾਅਦ ਇਹ ਖਬਰ ਸਾਹਮਣੇ ਆਈ ਸੀ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਉਹ ਆਪਣਾ ਅਹੁਦਾ ਛੱਡਣਾ ਚਾਹੁੰਦੇ ਹਨ।
ਕੋਸ਼ਿਆਰੀ ਨੇ ਕਿਹਾ ਹੈ ਕਿ “ਮਾਣਯੋਗ ਪ੍ਰਧਾਨ ਮੰਤਰੀ ਦੀ ਹਾਲ ਹੀ ਦੀ ਮੁੰਬਈ ਫੇਰੀ ਦੌਰਾਨ ਮੈਂ ਉਨ੍ਹਾਂ ਨੂੰ ਸਾਰੀਆਂ ਰਾਜਨੀਤਕ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਪੜ੍ਹਨ, ਲਿਖਣ ਅਤੇ ਹੋਰ ਗਤੀਵਿਧੀਆਂ ਵਿੱਚ ਬਿਤਾਉਣ ਦੀ ਆਪਣੀ ਇੱਛਾ ਦੱਸੀ ਹੈ।” ਇਸ ਦੇ ਨਾਲ ਹੀ ਉਨ੍ਹਾਂ ਹੇ ਕਿਹਾ ਹੈ ਕਿ “ਮਹਾਰਾਸ਼ਟਰ ਵਰਗੇ ਮਹਾਨ ਰਾਜ, ਸੰਤਾਂ, ਸਮਾਜ ਸੁਧਾਰਕਾਂ ਅਤੇ ਬਹਾਦਰ ਸੈਨਾਨੀਆਂ ਦੀ ਧਰਤੀ ‘ਤੇ ਰਾਜ ਸੇਵਕ ਜਾਂ ਰਾਜਪਾਲ ਵਜੋਂ ਸੇਵਾ ਕਰਨਾ ਮੇਰੇ ਲਈ ਇਕ ਪੂਰਨ ਸਨਮਾਨ ਅਤੇ ਮਾਣ ਵਾਲੀ ਗੱਲ ਸੀ।”ਇੰਨਾ ਹੀ ਨਹੀਂ ਰਾਜ ਭਵਨ ਦੇ ਇਕ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ “ਰਾਜਪਾਲ ਕੋਸ਼ਿਆਰੀ ਨੇ ਆਪਣੀ ਬਾਕੀ ਦੀ ਜ਼ਿੰਦਗੀ ਪੜ੍ਹਨ, ਲਿਖਣ ਅਤੇ ਹੋਰ ਮਨੋਰੰਜਨ ਗਤੀਵਿਧੀਆਂ ਵਿੱਚ ਬਿਤਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ।” ਦਰਅਸਲ 80 ਸਾਲਾ ਕੋਸ਼ਿਆਰੀ ਦਾ ਊਧਵ ਠਾਕਰੇ ਦੀ ਅਗਵਾਈ ਵਾਲੀ ਪਿਛਲੀ ਮਹਾ ਵਿਕਾਸ ਅਗਾੜੀ ਸਰਕਾਰ ਨਾਲ ਅਕਸਰ ਟਕਰਾਅ ਹੁੰਦਾ ਰਹਿੰਦਾ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਉਨ੍ਹਾਂ ਦੀ ਥਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਮਹਾਰਾਸ਼ਟਰ ਭੇਜਿਆ ਜਾ ਸਕਦਾ ਹੈ।