ਪਾਕਿਸਤਾਨ ਦੇ ਬਲੋਚਿਸਤਾਨ ‘ਚ ਰੇਲਵੇ ਟ੍ਰੈਕ ‘ਤੇ ਧਮਾਕਾ, ਹਾਦਸੇ ‘ਚ 8 ਲੋਕ ਜ਼ਖਮੀ

ਪਾਕਿਸਤਾਨ ਦੇ ਬਲੋਚਿਸਤਾਨ ‘ਚ ਰੇਲਵੇ ਟ੍ਰੈਕ ‘ਤੇ ਧਮਾਕਾ, ਹਾਦਸੇ ‘ਚ 8 ਲੋਕ ਜ਼ਖਮੀ

ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਇਕ ਰੇਲਵੇ ਟਰੈਕ ਨੇੜੇ ਧਮਾਕਾ ਹੋ ਗਿਆ। ਇਸ ਧਮਾਕੇ ਦੇ ਵਿੱਚ ਕਰੀਬ 8 ਲੋਕ ਜ਼ਖਮੀ ਹੋ ਗਏ ਹਨ। ਪਾਕਿਸਤਾਨ ਦੇ ਬਲੋਚਿਸਤਾਨ ‘ਚ ਪਾਕਿਸਤਾਨ ਰੇਲਵੇ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਧਮਾਕਾ ਉਸ ਸਮੇਂ ਹੋਇਆ ਸੀ ਜਦੋਂ ਪੇਸ਼ਾਵਰ ਜਾ ਰਹੀ ਜਾਫਰ ਐਕਸਪ੍ਰੈੱਸ ਪਨੀਰ ਇਲਾਕੇ ‘ਚੋਂ ਲੰਘ ਰਹੀ ਸੀ। ਇਸ ਹਾਦਸੇ ‘ਚ ਜ਼ਖ਼ਮੀ ਅੱਠ ਲੋਕਾਂ ਨੂੰ ਇਲਾਜ਼ ਦੇ ਲਈ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਸਥਾਨਕ ਪ੍ਰਸ਼ਾਸਨ ਦੇ ਵੱਲੋਂ ਇਸ ਦੌਰਾਨ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ।ਇਸ ਘਟਨਾ ਦੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਕੱਚ ਆਗਾ ਸਮੀਉੱਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੱਕ ਰਿਮੋਟ ਕੰਟਰੋਲ ਨਾਲ ਕੀਤਾ ਗਿਆ ਧਮਾਕਾ ਸੀ ਜਿਸ ਨਾਲ ਰੇਲਗੱਡੀ ਦੀਆਂ ਕਈ ਬੋਗੀਆਂ ਪਟੜੀ ਤੋਂ ਉਤਰ ਗਈਆਂ ਸਨ। ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਵੀ ਬਲੋਚਿਸਤਾਨ ‘ਚ ਅੱਤਵਾਦੀ ਗਤੀਵਿਧੀਆਂ ਹੋਈਆਂ ਸਨ, ਜਿਸ ਵਿੱਚ ਇੱਕ ਕਪਤਾਨ ਸਮੇਤ 6 ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋਈ ਸੀ ਹਾਲਾਂਕਿ ਇਸ ਦੌਰਾਨ 17 ਦੇ ਕਰੀਬ ਲੋਕ ਜ਼ਖਮੀ ਵੀ ਹੋ ਗਏ ਸਨ।ਇਸਲਾਮਾਬਾਦ ਥਿੰਕ-ਟੈਂਕ ਪਾਕ ਇੰਸਟੀਚਿਊਟ ਫਾਰ ਪੀਸ ਸਟੱਡੀਜ਼ ਦੇ ਮੁਤਾਬਕ ਸਾਲ 2022 ਵਿੱਚ ਪਾਕਿਸਤਾਨ ਵਿੱਚ 262 ਅੱਤਵਾਦੀ ਹਮਲਿਆਂ ਵਿੱਚ ਕੁੱਲ 419 ਲੋਕਾਂ ਦੀ ਮੌਤ ਹੋਈ ਸੀ । । ਪੀਆਈਪੀਐਸ ਵੱਲੋਂ ਜਾਰੀ ਕੀਤੀ ਗਈ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵੱਖ-ਵੱਖ ਰਾਸ਼ਟਰਵਾਦੀ ਵਿਦਰੋਹੀਆਂ ਧਾਰਮਿਕ ਤੌਰ ‘ਤੇ ਪ੍ਰੇਰਿਤ ਕੱਟੜਪੰਥੀਆਂ ਅਤੇ ਹਿੰਸਕ ਸੰਪਰਦਾਇਕ ਸਮੂਹਾਂ ਨੇ ਪਾਕਿਸਤਾਨ ਵਿੱਚ ਕੁੱਲ 262 ਅੱਤਵਾਦੀ ਹਮਲੇ ਕੀਤੇ ਸਨ ਜਿਨ੍ਹਾਂ ਵਿੱਚ 14 ਆਤਮਘਾਤੀ ਬੰਬ ਧਮਾਕੇ ਸ਼ਾਮਲ ਹਨ ਜੋ ਪਿਛਲੇ ਸਾਲ ਨਾਲੋਂ 27 ਫੀਸਦੀ ਵੱਧ ਹੈ।ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ “ਇਨ੍ਹਾਂ ਅੱਤਵਾਦੀ ਹਮਲਿਆਂ ਵਿੱਚ ਕੁੱਲ 419 ਲੋਕਾਂ ਦੀ ਜਾਨ ਚਲੀ ਗਈ ਹ, ਜੋ ਕਿ ਸਾਲ 2021 ਦੇ ਵਿੱਚ ਹੋਈਆਂ ਮੌਤਾਂ ਨਾਲੋਂ 25 ਪ੍ਰਤੀਸ਼ਤ ਜ਼ਿਆਦਾ ਹੈ।” ਇਸ ਤੋਂ ਇਲਾਵਾ ਰਿਪੋਰਟ ‘ਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਦੌਰਾਨ ਕਰੀਬ 734 ਲੋਕ ਜ਼ਖਮੀ ਹੋ ਗਏ ਸਨ। ਪਾਕਿਸਤਾਨ ਵਿੱਚ ਸਾਲ 2022 ਵਿੱਚ ਹੋਏ ਅੱਤਵਾਦੀ ਹਮਲਿਆਂ ਕਾਰਨ ਹੋਈਆਂ ਮੌਤਾਂ ਵਿੱਚੋਂ ਲਗਭਗ ਅੱਧੇ ਸੁਰੱਖਿਆ ਬਲਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਕਰਮਚਾਰੀ ਦੱਸੇ ਜਾ ਰਹੇ ਹਨ।

Share: