ਲਤਾ ਮੰਗੇਸ਼ਕਰ ਨੇ ਦੁਨਿਆ ਨੂੰ ਕਿਹਾ ਅਲਵਿਦਾ, 92 ਸਾਲ ਦੀ ਉਮਰ ‘ਚ ਤੋੜਿਆ ਦਮ

ਲਤਾ ਮੰਗੇਸ਼ਕਰ ਨੇ ਦੁਨਿਆ ਨੂੰ ਕਿਹਾ ਅਲਵਿਦਾ, 92 ਸਾਲ ਦੀ ਉਮਰ ‘ਚ ਤੋੜਿਆ ਦਮ

ਮੁੰਬਈ (ਬਿਊਰੋ) ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ ਅੱਜ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਿਰੀ ਸਾਹ ਲਏ। ਦੱਸ ਦੇਈਏ ਕਿ ਉਹ ਪਿਛਲੇ 29 ਦਿਨਾਂ ਤੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ ਸਨ। ਇਸ ਦੌਰਾਨ ਫੈਨਜ਼ ਵੀ ਲਤਾ ਮੰਗੇਸ਼ਕਰ ਦੇ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ। ਪਰ 92 ਸਾਲ ਦੀ ਸਵਰ ਕੋਕਿਲਾ ਨੇ ਇਸ ਦੁਨਿਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਦਿੱਤਾ।

ਦੱਸ ਦੇਈਏ ਕਿ ਪਿਛਲੇ ਮਹੀਨੇ ਲਤਾ ਮੰਗੇਸ਼ਕਰ ‘ਚ ਕੋਰੋਨਾ ਦੇ ਲੱਛਣ ਪਾਏ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੀ ਭਤੀਜੀ ਰਚਨਾ ਨੇ ਕੀਤੀ ਸੀ। ਉਸ ਦੌਰਾਨ ਮੁੰਬਈ ਦੇ ਕੈਂਡੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਲਤਾ ਮੰਗੇਸ਼ਕਰ ਨੂੰ ਉਮਰ ਸਬੰਧੀ ਵੀ ਸਮੱਸਿਆਵਾਂ ਹਨ, ਜਿਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਭਤੀਜੀ ਨੇ ਕਿਹਾ ਕਿ ਸਾਡੀ ਨਿੱਜਤਾ ਦਾ ਸਨਮਾਨ ਕਰੋ ਅਤੇ ਉਨ੍ਹਾਂ ਲਈ ਅਰਦਾਸਾਂ ਕਰੋ। ਇਸ ਤੋਂ ਪਹਿਲਾਂ ਦਿੱਗਜ ਗਾਇਕਾ ਨੂੰ ਨਵੰਬਰ 2019 ‘ਚ ਸਾਹ ਲੈਣ ‘ਚ ਮੁਸ਼ਕਿਲ ਹੋਣ ਕਾਰਨ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।

ਸੱਤ ਦਹਾਕਿਆਂ ਤੋਂ ਵੱਧ ਦੇ ਕਰੀਅਰ ‘ਚ ਇੰਦੌਰ ‘ਚ ਜਨਮੀ ਸਵਰ ਕੋਕਿਲਾ ਮੰਗੇਸ਼ਕਰ ਨੇ 1,000 ਤੋਂ ਵੱਧ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਵੱਖ-ਵੱਖ ਖੇਤਰੀ ਅਤੇ ਵਿਦੇਸ਼ੀ ਭਾਸ਼ਾਵਾਂ ‘ਚ ਹਜ਼ਾਰਾਂ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੀ ਹੈ। ਉਨ੍ਹਾਂ ਨੇ ਆਖਰੀ ਐਲਬਮ ਮਸ਼ਹੂਰ ਫ਼ਿਲਮ ਨਿਰਮਾਤਾ ਯਸ਼ ਚੋਪੜਾ ਨਾਲ ਰਿਕਾਰਡ ਕੀਤੀ ਸੀ। ਦਰਅਸਲ, ਸਵਰ ਕੋਕਿਲਾ ਨੇ ਸਾਲ 2004 ਵਿੱਚ ਰਿਲੀਜ਼ ਹੋਈ ਫ਼ਿਲਮ “ਵੀਰ ਜ਼ਾਰਾ” ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਸੀ। ਮੰਗੇਸ਼ਕਰ ਦਾ ਆਖਰੀ ਗੀਤ “ਸੌਗੰਧ ਮੁਝੇ ਇਸ ਮਿੱਟੀ ਦੀ” ਸੀ, ਜੋ 30 ਮਾਰਚ 2021 ਨੂੰ ਭਾਰਤੀ ਫੌਜ ਨੂੰ ਸ਼ਰਧਾਂਜਲੀ ਵਜੋਂ ਰਿਲੀਜ਼ ਕੀਤਾ ਗਿਆ ਸੀ। ਉਨ੍ਹਾਂ ਨੂੰ 2001 ‘ਚ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਅੱਜ ਵੀ ਦਰਸ਼ਕ ਲਤਾ ਮੰਗੇਸ਼ਕਰ ਦੀ ਆਵਾਜ਼ ਤੇ ਗੀਤ ਸੁਣਨਾ ਪੰਸਦ ਕਰਦੇ ਹਨ।

Share: