Reham Car Attacked : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਕਾਰ ‘ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਹੈ। ਹਮਲੇ ਦੀ ਜਾਣਕਾਰੀ ਦਿੰਦੇ ਹੋਏ ਰੇਹਮ ਖਾਨ ਨੇ ਟਵੀਟ ਰਾਹੀਂ ਪਾਕਿਸਤਾਨ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਰੇਹਮ ਖਾਨ ਨੇ ਵੀ ਪੁੱਛਿਆ ਕਿ ਕੀ ਇਹ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ ਹੈ? ਇਸ ਦੇ ਨਾਲ ਹੀ ਰੇਹਮ ਖਾਨ ਨੇ ਪਾਕਿਸਤਾਨ ਨੂੰ ਡਰਪੋਕ, ਠੱਗਾਂ ਤੇ ਲਾਲਚੀ ਲੋਕਾਂ ਦਾ ਦੇਸ਼ ਕਿਹਾ।
ਰੇਹਮ ਖਾਨ ਨੇ ਟਵੀਟ ‘ਚ ਲਿਖਿਆ, ‘ਮੈਂ ਆਪਣੇ ਭਤੀਜੇ ਦੇ ਵਿਆਹ ਤੋਂ ਵਾਪਸ ਆ ਰਹੀ ਸੀ ਤਾਂ ਰਸਤੇ ‘ਚ ਕੁਝ ਲੋਕਾਂ ਨੇ ਮੇਰੀ ਕਾਰ ‘ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਦੋ ਮੋਟਰਸਾਈਕਲ ਸਵਾਰਾਂ ਨੇ ਬੰਦੂਕ ਦੀ ਨੋਕ ‘ਤੇ ਮੇਰੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਰੇਹਮ ਖਾਨ ਨੇ ਦੱਸਿਆ ਕਿ ਫਿਰ ਮੈਂ ਤੁਰੰਤ ਆਪਣੀ ਕਾਰ ਦੀ ਦਿਸ਼ਾ ਬਦਲ ਲਈ। ਮੇਰਾ ਸੁਰੱਖਿਆ ਗਾਰਡ ਤੇ ਡਰਾਈਵਰ ਕਾਰ ‘ਚ ਸਨ। ਰੇਹਮ ਨੇ ਪੁੱਛਿਆ ਕਿ ਕੀ ਇਹ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ ਹੈ? ਕਾਇਰਾਂ, ਲੁਟੇਰਿਆਂ ਤੇ ਲਾਲਚੀ ਲੋਕਾਂ ਦੀ ਧਰਤੀ ‘ਤੇ ਤੁਹਾਡਾ ਸਵਾਗਤ ਹੈ।’
ਮੈਂ ਆਮ ਪਾਕਿਸਤਾਨੀ ਵਾਂਗ ਜਿਊਣਾ ਚਾਹੁੰਦੀ ਹਾਂ
ਰੇਹਮ ਨੇ ਇਕ ਹੋਰ ਟਵੀਟ ‘ਚ ਲਿਖਿਆ ਕਿ ਮੈਂ ਇਕ ਆਮ ਪਾਕਿਸਤਾਨੀ ਦੀ ਤਰ੍ਹਾਂ ਜਿਊਣਾ ਤੇ ਮਰਨਾ ਚਾਹੁੰਦੀ ਹਾਂ, ਭਾਵੇਂ ਮੇਰੇ ‘ਤੇ ਹਮਲਾ ਹੋਵੇ ਜਾਂ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਈਆਂ ਜਾਣ।ਇਸ ਅਖੌਤੀ ਇਮਰਾਨ ਸਰਕਾਰ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ। ਮੈਂ ਆਪਣੇ ਦੇਸ਼ ਲਈ ਗੋਲੀ ਖਾਣ ਨੂੰ ਤਿਆਰ ਹਾਂ। ਰੇਹਮ ਖਾਨ ਨੇ ਕਿਹਾ ਕਿ ਇਸ ਘਟਨਾ ਨੇ ਉਸ ਨੂੰ “ਨਰਾਜ਼ ਅਤੇ ਚਿੰਤਤ” ਕਰ ਦਿੱਤਾ ਹੈ।
ਸਾਲ 2014 ‘ਚ ਇਮਰਾਨ ਖਾਨ ਨਾਲ ਕੀਤਾ ਸੀ ਵਿਆਹ
ਧਿਆਨ ਯੋਗ ਹੈ ਕਿ ਬ੍ਰਿਟਿਸ਼ ਪਾਕਿਸਤਾਨੀ ਮੂਲ ਦੀ ਪੱਤਰਕਾਰ ਤੇ ਸਾਬਕਾ ਟੀਵੀ ਐਂਕਰ ਰੇਹਮ ਖਾਨ ਦਾ ਵਿਆਹ 2014 ‘ਚ ਇਮਰਾਨ ਖਾਨ ਨਾਲ ਹੋਇਆ ਸੀ ਪਰ ਜਲਦ ਹੀ 2015 ‘ਚ ਦੋਵਾਂ ਦਾ ਤਲਾਕ ਹੋ ਗਿਆ। 48 ਸਾਲਾ ਰੇਹਮ ਖਾਨ ਆਪਣੇ ਸਾਬਕਾ ਪਤੀ ਇਮਰਾਨ ਖਾਨ ਦੀ ਬੇਬਾਕ ਆਲੋਚਕ ਵਜੋਂ ਜਾਣੀ ਜਾਂਦੀ ਹੈ ਤੇ ਅਕਸਰ ਉਸ ਦੀ ਆਲੋਚਨਾ ਕਰਦੀ ਹੈ। ਅਕਸਰ ਇਮਰਾਨ ਖਾਨ ਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹਨ। ਸਾਲ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਰੇਹਮ ਖਾਨ ਨੇ ਕਿਹਾ ਸੀ ਕਿ ਇਮਰਾਨ ਖਾਨ ਦੇਸ਼ ਦੀ ਫੌਜ ਦੀ ਕਠਪੁਤਲੀ ਹੈ ਤੇ ਵਿਚਾਰਧਾਰਾ ਅਤੇ ਉਦਾਰਵਾਦੀ ਨੀਤੀ ਨਾਲ ਸਮਝੌਤਾ ਕਰ ਕੇ ਸੱਤਾ ਵਿੱਚ ਆਇਆ ਹੈ।