ਕੋਟਕਪੂਰਾ (ਗੁਰਿੰਦਰ ਸਿੰਘ ਮਹਿੰਦੀਰੱਤਾ/ਮਨੀਸ਼ ਰਿਹਾਨ) ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਪਿੰਡ ਦੀਆਂ ਸੱਥਾਂ, ਧਰਮਸ਼ਾਲਾਵਾਂ ਅਤੇ ਹੋਰ ਸਾਂਝੀਆਂ ਥਾਵਾਂ ’ਤੇ ਲੋਕਾਂ ਨੂੰ ਆਰਗੈਨਿਕ ਖੇਤੀ, ਡਿਜੀਟਲ ਲੈਣ-ਦੇਣ, ਆਰਟੀਆਈ ਅਤੇ ਵੱਖ ਵੱਖ ਕਿਸਮ ਦੀਆਂ ਖੇਤੀ ਸਕੀਮਾਂ ਸਬੰਧੀ ਜਾਗਰੂਕ ਕਰਦੀ ਆ ਰਹੀ ਸਮਾਜ ਸੇਵੀ ਸੰਸਥਾ ‘ਸਾਥ ਸਮਾਜਿਕ ਗੂੰਜ਼’ ਦੇ ਵਫਦ ਨੇ ਆਈਸੀਏਆਰ ਜਲੰਧਰ (ICAR Jalandhar) ਦਾ ਦੌਰਾ ਕਰਨ ਮੌਕੇ ਉੱਥੋਂ ਦੇ ਅਧਿਕਾਰੀਆਂ ਤੋਂ ਨਵੀਂ ਜਾਣਕਾਰੀ ਪ੍ਰਾਪਤ ਕੀਤੀ, ਜੋ ਆਮ ਲੋਕਾਂ ਲਈ ਗੁਣਕਾਰੀ ਅਤੇ ਫਾਇਦੇਮੰਦ ਸਾਬਿਤ ਹੋਵੇਗੀ। ਸਾਥ ਸਮਾਜਿਕ ਗੂੰਜ਼ ਦੇ ਪ੍ਰਧਾਨ ਗੁਰਵਿੰਦਰ ਸਿੰਘ ਜਲਾਲੇਆਣਾ ਦੀ ਅਗਵਾਈ ਵਾਲੇ ਵਫਦ ਵਿੱਚ ਸ਼ਾਮਲ ਬਲਕਾਰ ਸਿੰਘ, ਲਖਵਿੰਦਰ ਸਿੰਘ ਵੀਰੇਵਾਲਾ, ਸਤਵੰਤ ਸਿੰਘ ਰਾਜੂ ਮੋਗਾ ਅਤੇ ਡਾ. ਸੁਭਾਸ਼ ਚੰਦਰ ਕੋਟਕਪੂਰਾ ਨੂੰ ਘਰ ਵਿੱਚ ਪਈ ਫਾਲਤੂ ਜਗਾ ਜਾਂ ਮਕਾਨ ਦੀ ਛੱਤ ਉੱਪਰ ਘੱਟ ਮਿਹਨਤ ਅਤੇ ਘੱਟ ਖਰਚੇ ਨਾਲ ਪਰਿਵਾਰ ਦੇ ਜਰੂਰਤ ਦੀਆਂ ਸਬਜੀਆਂ ਅਤੇ ਫਲ ਪੈਦਾ ਕਰਨ ਦੇ ਢੰਗ ਤਰੀਕੇ ਆਈਸੀਏਆਰ ਜਲੰਧਰ ਦੇ ਅਧਿਕਾਰੀਆਂ ਦੀ ਟੀਮ ਨੇ ਬੜੇ ਸੁਚੱਜੇ ਢੰਗ ਨਾਲ ਦੱਸੇ। ਐਨੀਮੇਸ਼ਨ ਰਾਹੀਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਇੰਜ. ਸੁਖਵਿੰਦਰ ਸਿੰਘ, ਡਾ ਸੁਗਾਨੀ ਦੇਵੀ, ਡਾ ਬਰਜੇਸ਼ ਨਈਅਰ ਆਦਿ ਨੇ ਬਾਸਕਿਟ ਸਿਸਟਮ (ਵੈੱਜ ਫਾਸਟ ਟੈਕਨਾਲੋਜੀ) ਅਤੇ ਹਾਈਡਰੋਪੋਨਿਕ ਟੈਕਨਾਲੋਜੀ ਬਾਰੇ ਦੱਸਿਆ। ਉਕਤ ਅਧਿਕਾਰੀਆਂ ਮੁਤਾਬਿਕ ਨੌਜਵਾਨ ਤੋਂ ਲੈ ਕੇ ਸੇਵਾਮੁਕਤ ਅਧਿਕਾਰੀ ਤੱਕ ਅਨੇਕਾਂ ਵਿਅਕਤੀ ਉਕਤ ਅਨੌਖੀ ਵਿਧੀ ਬਾਰੇ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਉਨਾ ਦੱਸਿਆ ਕਿ ਇਸ ਵਿਧੀ ਨੂੰ ਆਮ ਕਰਕੇ ਵੱਡੇ ਵੱਡੇ ਹੋਟਲਾਂ ਵਿੱਚ ਤਿਆਰ ਕੀਤਾ ਜਾਂਦਾ ਹੈ, ਜਿਸ ਵਿੱਚ ਅਕਸਰ ਸਲਾਦ ਵਾਲੇ ਪੱਤੇਨੁਮਾ ਪੌਦੇ ਪੈਦਾ ਕੀਤੇ ਜਾਂਦੇ ਹਨ ਤੇ ਉਨਾਂ ਦਾ ਫਾਇਦਾ ਮਿਲਦਾ ਹੈ। ਉਕਤ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਵੈੱਜ ਫਾਸਟ ਟੈਕਨਾਲੋਜੀ ਮਿੱਟੀ ਅਤੇ ਪਾਣੀ ਵਿੱਚ ਵੀ ਪੂਰੀ ਤਰਾਂ ਕਾਮਯਾਬ ਹੈ।
Posted inPunjab