ਸਾਬਕਾ ਭਾਰਤੀ ਆਲਰਾਊਂਡਰ ਇਰਫਾਨ ਪਠਾਨ ਦੂਸਰੀ ਵਾਰ ਪਿਤਾ ਬਣੇ, ਬੇਟੇ ਦਾ ਨਾਂ ਰੱਖਿਆ ਸੁਲੇਮਾਨ ਖ਼ਾਨ

ਸਾਬਕਾ ਭਾਰਤੀ ਆਲਰਾਊਂਡਰ ਇਰਫਾਨ ਪਠਾਨ ਦੂਸਰੀ ਵਾਰ ਪਿਤਾ ਬਣੇ, ਬੇਟੇ ਦਾ ਨਾਂ ਰੱਖਿਆ ਸੁਲੇਮਾਨ ਖ਼ਾਨ

ਨਵੀਂ ਦਿੱਲੀ : ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਇਰਫ਼ਾਨ ਪਠਾਨ ਦੂਸਰੀ ਵਾਰ ਪਿਤਾ ਬਣੇ। ਉਨ੍ਹਾਂ ਇਸ ਗੱਲ ਦੀ ਜਾਣਕਾਰੀ ਟਵਿੱਟਰ ਜ਼ਰੀਏ ਦਿੱਤੀ। ਉਨ੍ਹਾਂ ਦੀ ਪਤਨੀ ਨੇ 28 ਦਸੰਬਰ ਨੂੰ ਉਨ੍ਹਾਂ ਦੇ ਦੂਸਰੇ ਬੇਟੇ ਨੂੰ ਜਨਮ ਦਿੱਤਾ ਤੇ ਇਸ ਦਾ ਨਾਂ ਉਨ੍ਹਾਂ ਸੁਲੇਮਾਨ ਖ਼ਾਨ ਰੱਖਿਆ ਹੈ। ਇਰਫਾਨ ਪਠਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਦੀ ਪਤਨੀ ਸਫਾ ਤੇ ਬੇਟਾ ਦੋਵੇਂ ਪੂਰੀ ਤਰ੍ਹਾਂ ਨਾਲ ਠੀਕ ਹਨ ਤੇ ਉਨ੍ਹਾਂ ਆਪਣੇ ਬੇਟੇ ਦੇ ਨਾਲ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ।

ਇਰਫਾਨ ਪਠਾਨ ਨੇ ਕਈ ਸਾਲਾਂ ਤਕ ਭਾਰਤੀ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ ਤੇ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਉਹ ਇਕ ਕੁਮੈਂਟੇਟਰ ਤੇ ਕ੍ਰਿਕਟ ਮਾਹਿਰ ਦੇ ਰੂਪ ‘ਚ ਨਜ਼ਰ ਆਉਂਦੇ ਹਨ। ਉਸ ਨੇ ਭਾਰਤ ਲਈ 29 ਟੈਸਟ, 120 ਵਨਡੇ ਅਤੇ 24 ਟੀ-20 ਮੈਚ ਖੇਡੇ। ਉਸ ਨੇ ਜਿੱਥੇ ਟੈਸਟ ਕ੍ਰਿਕਟ ‘ਚ 100 ਵਿਕਟਾਂ ਹਾਸਲ ਕੀਤੀਆਂ, ਉੱਥੇ ਹੀ ਇਕ ਰੋਜ਼ਾ ਕ੍ਰਿਕਟ ‘ਚ 173 ਵਿਕਟਾਂ ਲਈਆਂ। ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਉਸ ਦੇ ਨਾਂ 28 ਵਿਕਟਾਂ ਹਨ

ਟੈਸਟ ਕ੍ਰਿਕਟ ‘ਚ ਇਰਫਾਨ ਪਠਾਨ ਨੇ 31.57 ਦੀ ਔਸਤ ਨਾਲ 1105 ਦੌੜਾਂ ਬਣਾਈਆਂ ਸਨ, ਜਦਕਿ ਵਨਡੇ ‘ਚ ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ 1544 ਦੌੜਾਂ ਬਣਾਈਆਂ ਸਨ। ਉਸ ਨੇ ਟੀ-20 ਕੌਮਾਂਤਰੀ ਕ੍ਰਿਕਟ ‘ਚ 172 ਦੌੜਾਂ ਬਣਾਈਆਂ। ਸਾਲ 2007 ਵਿਚ ਜਦੋਂ ਟੀਮ ਇੰਡੀਆ ਨੇ ਐਮਐਸ ਧੋਨੀ ਦੀ ਕਪਤਾਨੀ ‘ਚ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਸੀ, ਇਰਫਾਨ ਪਠਾਨ ਉਸ ਟੀਮ ਦਾ ਹਿੱਸਾ ਸਨ ਤੇ ਪਾਕਿਸਤਾਨ ਖਿਲਾਫ਼ ਫਾਈਨਲ ‘ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ।

ਇਸ ਦੇ ਨਾਲ ਹੀ ਉਹ ਟੈਸਟ ਕ੍ਰਿਕਟ ‘ਚ ਭਾਰਤ ਲਈ ਪਾਰੀ ਦੇ ਪਹਿਲੇ ਹੀ ਓਵਰ ‘ਚ ਹੈਟ੍ਰਿਕ ਲੈਣ ਵਾਲਾ ਪਹਿਲਾ ਗੇਂਦਬਾਜ਼ ਵੀ ਹੈ। ਉਸ ਨੇ ਸਾਲ 2006 ਵਿਚ ਪਾਕਿਸਤਾਨ ਖ਼ਿਲਾਫ਼ ਇਹ ਉਪਲਬਧੀ ਹਾਸਲ ਕੀਤੀ ਸੀ। ਇਰਫਾਨ ਪਠਾਨ ਨੇ ਸਾਲ 2012 ਵਿੱਚ ਭਾਰਤੀ ਟੀਮ ਲਈ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ ਸੀ।

Share: