ਪੰਜਾਬ ਦਾ ਮਾਹੌਲ ਠੀਕ ਰੱਖਣ ਦੀ ਜ਼ਿੰਮੇਵਾਰੀ ਚੰਨੀ ਦੀ, ਇਸ ਤੋਂ ਮੂੰਹ ਨਾ ਮੋੜਨ: ਸ਼ੇਖਾਵਤ

ਪੰਜਾਬ ਦਾ ਮਾਹੌਲ ਠੀਕ ਰੱਖਣ ਦੀ ਜ਼ਿੰਮੇਵਾਰੀ ਚੰਨੀ ਦੀ, ਇਸ ਤੋਂ ਮੂੰਹ ਨਾ ਮੋੜਨ: ਸ਼ੇਖਾਵਤ

ਅੰਮ੍ਰਿਤਸਰ: ਅੱਜ ਕੇਂਦਰੀ ਕੈਬਨਿਟ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵਿਆਸ ਵਿੱਚ ਰਾਧਾ ਸਵਾਮੀ ਸਤਸੰਗ ਦੇ ਡੇਰਾ ਪ੍ਰਮੁਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੋਮ ਪ੍ਰਕਾਸ਼ ਤੇ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਰਾਜੇਸ਼ ਬਾਘਾ ਆਦਿ ਭਾਜਪਾ ਆਗੂ ਵੀ ਹਾਜ਼ਰ ਸਨ।

ਇਸ ਮਗਰੋਂ ਕੇਂਦਰੀ ਕੈਬਨਿਟ ਮੰਤਰੀ ਸ਼ੇਖਾਵਤ ਨੇ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਪੰਜਾਬ ਇੱਕ ਸਰਹੱਦੀ ਸੂਬਾ ਹੈ, ਇਸ ਲਈ ਇਸ ਦੀ ਸੁਰੱਖਿਆ ਬਹੁਤ ਮਹੱਤਵਰਪੂਰਨ ਹੈ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਪੰਜਾਬ ਦੀ ਤਸਵੀਰ ਖੁਸ਼ਹਾਲ ਸੂਬੇ ਵਾਲੀ ਸੀ ਪਰ ਹੁਣ ਸੂਬਾ ਨਸ਼ੇ, ਅਪਰਾਧ ਅਤੇ ਮਾਫੀਆ ਦੀ ਗ੍ਰਿਫਤ ਵਿੱਚ ਆ ਚੁੱਕਾ ਹੈ। ਸ਼ੇਖਾਵਤ ਨੇ ਅੱਜ ਲੁਧਿਆਣਾ ਕੋਰਟ ਵਿੱਚ ਹੋਏ ਬੰਬ ਧਮਾਕੇ ਦੀ ਨਿੰਦਾ ਕਰਦਿਆਂ ਇਸ ਦੀ ਉਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਸ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ। ਬੀਤੇ ਦਿਨੀਂ ਜਿਹੜੀ ਬੇਅਦਬੀ ਦੀ ਘਟਨਾਵਾਂ ਹੋਈਆਂ ਉਨ੍ਹਾਂ ਦੀ ਡੂੰਘਾਈ ਤੱਕ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 5 ਸਾਲ ਪਹਿਲਾਂ ਵੀ ਵਿਧਾਨਸਭਾ ਚੋਣਾਂ ਮੌਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ, ਹੁਣ ਮੁੜ ਫਿਰ ਉਹੀ ਮਾਹੌਲ ਬਣਾਇਆ ਜਾ ਰਿਹਾ ਹੈ।

ਸ਼ੇਖਾਵਤ ਨੇ ਕਿਹਾ ਕਿ ਕਿਸੇ ਵੇਲੇ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਦਾ ਸੀ। ਜੀਡੀਪੀ ਦੇ ਹਿਸਾਬ ਨਾਲ ਪੰਜਾਬ ਪਹਿਲੇ ਨੰਬਰ ਉਤੇ ਸੀ ਪਰ ਅੱਜ 16ਵੇਂ ਨੰਬਰ ਉਤੇ ਆ ਗਿਆ ਹੈ। ਅੱਜ ਹਰ ਬੱਚਾ 1 ਲੱਖ ਦਾ ਕਰਜਾ ਲੈਕੇ ਪੈਦਾ ਹੁੰਦਾ ਹੈ। ਪੰਜਾਬ ਵਿੱਚ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ। ਹਰ ਇੰਡਸਟਰੀ ਪਿੱਛੇ ਜਾ ਰਹੀ ਹੈ।

ਚੋਣਾਂ ਬਾਰੇ ਗੱਲ ਕਰਦਿਆਂ ਸ਼ੇਖਾਵਤ ਨੇ ਕਿਹਾ ਕਿ ਭਾਜਪਾ ਪੰਜਾਬ ਵਿਚ  ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਚੋਣਾਂ ਲੜੇਗੀ। ਭਾਜਪਾ ਜਿੱਥੇ ਵੀ ਇੱਕਲਿਆਂ ਚੋਣਾਂ ਲੜਦੀ ਹੈ ਜਾਂ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰਦੀ ਹੈ ਤਾਂ ਮੁੱਖ ਮੰਤਰੀ ਦੇ ਚਿਹਰੇ ਉਤੇ ਚੋਣ ਨਹੀਂ ਲੜਦੀ ਹੈ। ਉਨ੍ਹਾਂ ਚੰਨੀ ਸਰਕਾਰ ਉਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਦਾ ਮਾਹੌਲ ਠੀਕ ਰੱਖਣ ਦੀ ਜ਼ਿੰਮੇਵਾਰੀ ਚਰਨਜੀਤ ਸਿੰਘ ਚੰਨੀ ਦੀ ਹੈ। ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਹਨ।

Share: