ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ‘ਚ ਧਮਾਕਾ, 2 ਲੋਕਾਂ ਦੀ ਮੌਤ, ਕਈ ਜ਼ਖਮੀ

ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ‘ਚ ਧਮਾਕਾ, 2 ਲੋਕਾਂ ਦੀ ਮੌਤ, ਕਈ ਜ਼ਖਮੀ

ਲੁਧਿਆਣਾ: (ਮਨੀਸ਼ ਰਿਹਾਨ) ਜ਼ਿਲ੍ਹਾ ਅਦਾਲਤ (Ludhiana District Courts) ਵਿੱਚ ਵੀਰਵਾਰ ਅਚਾਨਕ ਧਮਾਕਾ ਹੋ ਗਿਆ, ਜਿਸ ਪਿੱਛੋਂ ਅਚਾਨਕ ਲੋਕਾਂ ਵਿੱਚ ਹਫਤਾ-ਦਫੜੀ ਮੱਚ ਗਈ। ਭਿਆਨਕ ਧਮਾਕੇ ਕਾਰਨ ਇਮਾਰਤ ਦਾ ਮਲਬਾ ਡਿੱਗ ਗਿਆ, ਜਿਸ ਹੇਠ ਕਈ ਲੋਕ ਦੱਬੇ ਗਏ। ਧਮਾਕੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਵੀ ਦਸਿਆ ਜਾ ਰਿਹਾ ਹੈ ਕਿ ਧਮਾਕਾ ਅਦਾਲਤ ਦੀ ਤੀਜੀ ਮੰਜਿਲ ‘ਤੇ ਉਦੋਂ ਹੋਇਆ, ਜਦੋਂ ਜ਼ਿਆਦਾ ਭੀੜ ਸੀ। ਧਮਾਕੇ ਦੀ ਜਾਣਕਾਰੀ ਮਿਲਣ ‘ਤੇ ਤੁਰੰਤ ਪੁਲਿਸ, ਬੰਬ ਦਸਤਾ ਅਤੇ ਅਪ੍ਰੇਸ਼ਨ ਸੈਲ ਮੌਕੇ ‘ਤੇ ਪੁੱਜੇ ਹੋਏ ਹਨ।

ਧਮਾਕਾ ਲਗਭਗ 12:20 ਮਿੰਟ ‘ਤੇ ਕੋਰਟ ਨੰਬਰ 14 ਤੇ 13 ਦੇ ਨੇੜੇ ਜਨਤਕ ਬਾਥਰੂਮ ‘ਚ ਧਮਾਕਾ ਹੋਇਆ। ਬਾਥਰੂਮ ਦੀ ਦੀਵਾਰਾਂ ਮਲਬੇ ‘ਚ ਬਦਲ ਗਈਆਂ। ਪ੍ਰਤੱਖਦਰਸ਼ੀਆਂ ਅਨੁਸਾਰ ਧਮਾਕੇ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ ਹਨ। ਪਤਾ ਲੱਗਿਆ ਹੈ ਕਿ ਧਮਾਕਾ ਜੱਜ ਸ਼ਵੇਤਾ ਦਾਸ ਦੀ ਅਦਾਲਤ ਦੇ ਨਾਲ ਬਾਥਰੂਮ ਵਿੱਚ ਹੋਇਆ।

ਧਮਾਕਾ ਹੋਣ ਪਿੱਛੋਂ ਲੋਕਾਂ ਵਿੱਚ ਭਗਦੜ ਮੱਚ ਗਈ। ਮੌਕੇ ‘ਤੇ ਸੂਚਨਾ ਮਿਲਣ ‘ਤੇ ਪੁਲਿਸ ਪੁੱਜੀ ਹੋਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਧਮਾਕਾ ਕਿਹੜੀ ਚੀਜ ਨਾਲ ਹੋਇਆ ਹੈ।

ਪ੍ਰਤੱਖਦਰਸ਼ੀਆਂ ਅਨੁਸਾਰ ਧਮਾਕਾ ਬਹੁਤ ਵੱਡਾ ਸੀ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ ਪਰੰਤੂ ਇਸ ਬਾਰੇ ਅਧਿਕਾਰੀਆਂ ਵੱਲੋਂ ਅਜੇ ਇਸ ਬਾਰੇ ਪੁਸ਼ਟੀ ਨਹੀਂ ਕੀਤੀ ਗਈ ਹੈ।

ਉਧਰ, ਮੌਕੇ ‘ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜੀਪੀਐਸ ਭੁੱਲਰ ਦਾ ਕਹਿਣਾ ਹੈ ਕਿ ਧਮਾਕਾ ਕਿਵੇਂ ਹੋਇਆ ਇਸ ਬਾਰੇ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੀ ਕੁੱਝ ਦੱਸਿਆ ਜਾ ਸਕੇਗਾ। ਉਨ੍ਹਾਂ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਲੁਧਿਆਣਾ ਅਦਾਲਤ ‘ਚ ਧਮਾਕੇ ਦੀ ਜਾਂਚ ਲਈ ਕੌਮੀ ਜਾਂਚ ਏਜੰਸੀ (NIA) ਕਰੇਗੀ। ਇਸ ਲਈ ਦੋ ਮੈਂਬਰੀ ਟੀਮ ਗਠਤ ਕੀਤੀ ਗਈ ਹੈ। ਜਾਂਚ ਏਜੰਸੀ ਦੀ ਟੀਮ ਚੰਡੀਗੜ੍ਹ ਬਰਾਂਚ ਤੋਂ ਲੁਧਿਆਣਾ ਲਈ ਰਵਾਨਾ ਹੋਣਗੇ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਕਿ ਕੁੱਝ ਦੇਸ਼ ਅਤੇ ਸੂਬਾ ਵਿਰੋਧੀ ਤਾਕਤਾਂ ਸੂਬੇ ਦੀ ਅਮਨ ਸ਼ਾਂਤੀ ਨੂੰ ਖ਼ਰਾਬ ਕਰਨਾ ਚਾਹੁੰਦੀਆਂ ਹਨ। ਉਹ ਥੋੜ੍ਹੀ ਦੇਰ ਵਿੱਚ ਹੀ ਸਥਿਤੀ ਦਾ ਜਾਇਜ਼ਾ ਲੈਣ ਲਈ ਲੁਧਿਆਣਾ ਲਈ ਰਵਾਨਾ ਹੋ ਰਹੇ ਹਨ।

ਕਾਂਗਰਸੀ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਕਿ ਲੁਧਿਆਣਾ ਅਦਾਲਤ ‘ਚ ਧਮਾਕਾ ਬਹੁਤ ਹੀ ਭਿਆਨਕ ਸੀ। ਉਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਅਤੇ ਮਜਬੂਤ ਰਹਿਣ ਲਈ ਅਪੀਲ ਕੀਤੀ ਹੈ, ਪੁਲਿਸ ਬੰਬ ਧਮਾਕੇ ਦੀ ਜਾਂਚ ਕਰ ਰਹੀ ਹੈ। ਬਿੱਟੂ ਨੇ ਕਿਹਾ ਕਿ ਉਹ ਇਸ ਧਮਾਕੇ ਦੀ ਤਹਿ ਤੱਕ ਜਾਣਗੇ ਅਤੇ ਇਸ ਪਿੱਛਲੇ ਕਾਰਨ ਜਾਣਨ ਲਈ ਕੁੱਝ ਵੀ ਕਰਨਗੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਅਦਾਲਤ ‘ਚ ਧਮਾਕੇ ਦੀ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਧਮਾਕੇ ਵਿੱਚ ਦੋ ਲੋਕਾਂ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਪੁੱਜਿਆ ਹੈ, ਨਾਲ ਹੀ ਉਹ ਜ਼ਖ਼ਮੀਆਂ ਦੇ ਛੇਤੀ ਠੀਕ ਹੋਣ ਲਈ ਅਰਦਾਸ ਕਰਦੇ ਹਨ।

 

#bomb #bombblast #blast #bombludhiana #ludhiana #bombblastludhiana #ludhianacourtsblast #ludhianacourtsbombblast #ludhiananews #punjabnews #punjabinews #bombnews #bombblastnews #NIA #nia

 

Share: