ਹਰਿਆਣਾ ਸਰਕਾਰ ਵਿਚ ਭਾਜਪਾ ਦੀ ਭਾਈਵਾਲ ਪਾਰਟੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਪ੍ਰਮੁੱਖ ਜਨਰਲ ਸਕੱਤਰ ਦਿਗਵਿਜੇ ਚੌਟਾਲਾ (Digvijay Chautala) ਨੇ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਵਿੱਚ ਦੇਰੀ ਲਈ ਅਫ਼ਸੋਸ ਪ੍ਰਗਟ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਗੱਲ ‘ਤੇ ਵੀ ਖੁਸ਼ੀ ਜ਼ਾਹਰ ਕੀਤੀ ਕਿ ਕਿਸਾਨਾਂ ਦੀ ਮੰਗ ਪੂਰੀ ਹੋ ਗਈ ਹੈ ਅਤੇ ਹੁਣ ਖੇਤੀ ਕਾਨੂੰਨਾਂ ‘ਤੇ ਫੈਸਲਾ ਲਿਆ ਜਾ ਚੁੱਕਾ ਹੈ।
ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿੱਚ ਆਵਾਜ਼ੀ ਵੋਟ ਨਾਲ ਪਾਸ ਹੋ ਗਿਆ ਹੈ। ਹਰਿਆਣਾ ਦੀ ਖੱਟਰ ਸਰਕਾਰ ਵਿੱਚ ਭਾਈਵਾਲ ਜੇਜੇਪੀ ਦੇ ਪ੍ਰਮੁੱਖ ਜਨਰਲ ਸਕੱਤਰ ਦਿਗਵਿਜੇ ਚੌਟਾਲਾ ਨੇ ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਦੀ ਗੱਲ ਵੀ ਕਹੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਇਸ ਵਿਸ਼ੇ ’ਤੇ ਕੇਂਦਰ ਨਾਲ ਗੱਲ ਕਰਨਗੇ ਤੇ ਫਿਰ ਵੀ ਕੋਈ ਗੱਲ ਨਾ ਬਣੀ ਤਾਂ ਉਹ ਹਰਿਆਣਾ ’ਚ ਦਰਜ ਕੇਸ ਵਾਪਸ ਲੈ ਲੈਣਗੇ। ਦਿਗਵਿਜੇ ਚੌਟਾਲਾ ਨੇ ਕਿਸਾਨ ਅੰਦੋਲਨ ਵਿੱਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੁਆਵਜ਼ਾ ਦੇਵੇ। ਮੁਆਵਜ਼ਾ ਕਿੰਨਾ, ਕੀ ਅਤੇ ਕਿਵੇਂ ਹੋਵੇਗਾ, ਇਹ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਤੈਅ ਕੀਤਾ ਜਾ ਸਕਦਾ ਹੈ।