AAP ਆਗੂ ਨੇ ਲਾਈਵ ਹੋ ਕੇ ਕੀਤਾ ਬਠਿੰਡਾ ‘ਚ ਨਾਜਾਇਜ਼ ਮਾਈਨਿੰਗ ਦਾ ਖੁਲਾਸਾ

AAP ਆਗੂ ਨੇ ਲਾਈਵ ਹੋ ਕੇ ਕੀਤਾ ਬਠਿੰਡਾ ‘ਚ ਨਾਜਾਇਜ਼ ਮਾਈਨਿੰਗ ਦਾ ਖੁਲਾਸਾ

ਬਠਿੰਡਾ : ਸੂਬੇ ਅੰਦਰ ਨਾਜਾਇਜ਼ ਮਾਈਨਿੰਗ (Illegal Mining) ਕੀਤੇ ਜਾਣ ਦਾ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵੱਲੋਂ ਲਗਾਤਾਰ ਮੌਕੇ ‘ਤੇ ਪਹੁੰਚ ਕੇ ਨਾਜਾਇਜ਼ ਮਾਈਨਿੰਗ ਦੇ ਮਾਮਲਿਆਂ ਦਾ ਪਰਦਾਫਾਸ਼ ਕੀਤਾ ਜਾ ਰਿਹਾ ਹੈ। ਬਠਿੰਡਾ ਦੇ ਥਰਮਲ ਪਲਾਂਟ ‘ਚ ਨਾਜਾਇਜ਼ ਮਾਈਨਿੰਗ ਦੇ ਮਾਮਲੇ ਤੋਂ ਬਾਅਦ ਹੁਣ ਬਠਿੰਡਾ ਸ਼ਹਿਰ ਦੇ ਨੇੜਲੇ ਪਿੰਡ ਮਾਈਸਰਖਾਨਾ (Village Mysorekhana) ‘ਚ ਵੀ ਨਾਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ।

ਆਮ ਆਦਮੀ ਪਾਰਟੀ (Aam Aadmi Party) ਲੀਗਲ ਸੈੱਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ (Advocate Navdeep Singh Jida) ਨੇ ਮਾਈਸਰਖਾਨਾ ਦੀਆਂ ਖੱਡਾਂ ਵਿੱਚ ਪਹੁੰਚ ਕੇ ਇਸ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨਾਜਾਇਜ਼ ਮਾਈਨਿੰਗ ਵਾਲੇ ਸਥਾਨ ਤੋਂ ਲਾਈਵ ਹੋ ਕੇ ਦੋਸ਼ ਲਾਇਆ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਅਤੇ ਉਸ ਦੇ ਪਰਿਵਾਰਕ ਮੈਂਬਰ ਮਾਈਸਰਖਾਨਾ ‘ਚ ਮਾਈਨਿੰਗ ਦਾ ਧੰਦਾ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ (Harvinder Singh Laddi) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿਖ ਕੇ ਮਨਪ੍ਰੀਤ ਸਿੰਘ ਬਾਦਲ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਅਤੇ ਪੁੱਤਰ ਅਰਜਨ ਬਾਦਲ ਉੱਪਰ ਨਾਜਾਇਜ਼ ਮਾਈਨਿੰਗ ਕਰਨ ਅਤੇ ਵਪਾਰਕ ਥਾਵਾਂ ਤੋਂ ਵਸੂਲੀ ਕਰਨ ਦੇ ਦੋਸ਼ ਲਾਏ ਸਨ। ਉਨ੍ਹਾਂ ਕਿਹਾ ਕਿ ਅੱਜ ਜਦੋਂ ਉਹ ਮਾਈਸਰਖਾਨਾ ਦੇ ਖੇਤਾਂ ਵਿਚ ਪਹੁੰਚੇ ਤਾਂ ਦੇਖਿਆ ਕਿ ਇੱਥੇ ਬਹੁਤ ਡੂੰਘੀਆਂ ਖੱਡਾਂ ਪੁੱਟੀਆਂ ਹੋਈਆਂ ਹਨ ਅਤੇ ਨਾਜਾਇਜ਼ ਮਾਈਨਿੰਗ (Illegal Mining) ਦਾ ਧੰਦਾ ਚਲਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਮਾਈਸਰਖਾਨਾ ਵਿਚ ਰਾਤ ਸਮੇਂ ਨਾਜਾਇਜ਼ ਮਾਈਨਿੰਗ ਕੀਤੀ ਜਾਂਦੀ ਹੈ ਜਿਸ ਦਾ ਖੁਲਾਸਾ ਪਿੰਡ ਵਾਸੀਆਂ ਵੱਲੋਂ ਵੀ ਕੀਤਾ ਗਿਆ ਹੈ। ਐਡਵੋਕੇਟ ਜੀਦਾ ਨੇ ਕਿਹਾ ਕਿ ਬਠਿੰਡਾ ਸ਼ਹਿਰ ਵਿੱਚ ਮਨਪ੍ਰੀਤ ਬਾਦਲ ਵੱਲੋਂ ਵਿਕਾਸ ਕਰਵਾਏ ਜਾਣ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ ਪਰ ਇਸ ਵਿੱਚ ਮਾੜੇ ਮਟੀਰੀਅਲ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਬਿਨਾਂ ਵਜ੍ਹਾ ਲਾਈਆਂ ਜਾ ਰਹੀਆਂ ਟਾਈਲਾਂ ਵਿੱਚ ਪਾਇਆ ਜਾ ਰਿਹਾ ਰੇਤਾ ਮਾਈਸਰਖਾਨਾ ਵਿੱਚੋਂ ਹੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ (Illegal Mining) ਨਾਲ ਪੰਜਾਬ ਸਰਕਾਰ (Punjab Government) ਦੇ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਵਿੱਤ ਮੰਤਰੀ ਵੱਲੋਂ ਲਗਾਇਆ ਜਾ ਰਿਹਾ ਹੈ। ਜੀਦਾ ਨੇ ਕਿਹਾ ਕਿ ਸ਼ਹੀਦਾਂ ਦੀ ਧਰਤੀ ਤੇ ਮਿੱਟੀ ਚੁੱਕ ਕੇ ਸਹੁੰ ਖਾਣ ਵਾਲੇ ਅਤੇ ਸੁਰੱਖਿਆ ਨਾ ਲੈਣ ਦੇ ਦਾਅਵੇ ਕਰਨ ਵਾਲੇ ਵਿੱਤ ਮੰਤਰੀ ਦਾ ਅਸਲੀ ਚਿਹਰਾ ਨਾਜਾਇਜ਼ ਮਾਈਨਿੰਗ (Illegal Mining) ਤੋਂ ਸਾਹਮਣੇ ਆਇਆ ਹੈ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਤੋਂ ਮੰਗ ਕੀਤੀ ਹੈ ਕਿ ਮਾਈਸਰਖਾਨਾ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਮਾਮਲੇ ਦੀ ਵੀ ਪੜਤਾਲ ਕਰਵਾ ਕੇ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਐਡਵੋਕੇਟ ਜੀਦਾ (Advocate Jida) ਵੱਲੋਂ ਲਾਏ ਦੋਸ਼ਾਂ ਸਬੰਧੀ ਪੱਖ ਜਾਨਣ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਨਾਲ ਸੰਪਰਕ ਕਰਨ ਦਾ ਯਤਨ ਕੀਤਾ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇੱਥੇ ਜ਼ਿਕਰਯੋਗ ਹੈ ਕਿ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਵਿੱਚ ਨਾਜਾਇਜ਼ ਮਾਈਨਿੰਗ ਤੋਂ ਇਲਾਵਾ ਵਸੂਲੀ ਕਰਨ ਦੇ ਦੋਸ਼ ਲਾਏ ਸਨ।
Share: