ਪ੍ਰੇਮੀ ਵੱਲੋਂ ਵਿਆਹ ਤੋਂ ਨਾਂਹ ਕਰਨ ‘ਤੇ ਕੁੜੀ ਨੇ ਕੀਤੀ ਖ਼ੁਦਕੁਸ਼ੀ

ਪ੍ਰੇਮੀ ਵੱਲੋਂ ਵਿਆਹ ਤੋਂ ਨਾਂਹ ਕਰਨ ‘ਤੇ ਕੁੜੀ ਨੇ ਕੀਤੀ ਖ਼ੁਦਕੁਸ਼ੀ

ਬਠਿੰਡਾ : ਜ਼ਿਲ੍ਹੇ ਦੇ ਪਿੰਡ ਕੋਇਰ ਸਿੰਘ ਵਾਲਾ ਦੀ ਕੁੜੀ ਨੇ ਆਪਣੇ ਪ੍ਰੇਮੀ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਉਸ ਕੋਲੋਂ ਮਿਲੇ ਖ਼ੁਦਕੁਸ਼ੀ ਨੋਟ ‘ਚ ਉਸ ਨੇ ਪੰਜ ਵਿਅਕਤੀਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਭਗਤਾ ਪੁਲਿਸ ਨੇ ਕਥਿਤ ਦੋਸ਼ੀ ਕੁੜੀ ਦੇ ਪ੍ਰੇਮੀ ਗੋਬਿੰਦ ਸਿੰਘ, ਉਸ ਦੇ ਪਿਤਾ ਨਿਰਮਲ ਸਿੰਘ ਵਾਸੀ ਆਕਲੀਆ ਉਸ ਦੀ ਮਾਤਾ ਭੈਣ ਤੇ ਭਣੋਈਏ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ‘ਚ ਮ੍ਰਿਤਕ ਦੇ ਚਚੇਰੇ ਭਰਾ ਨੇ ਦੱਸਿਆ ਕਿ ਹਰਮਨਪ੍ਰੀਤ ਦੇ ਮਾਤਾ-ਪਿਤਾ ਕੈਨੇਡਾ ਹਨ ਅਤੇ ਉਹ ਕਿਸੇ ਕਾਰਨ ਉੱਥੇ ਨਹੀਂ ਜਾ ਸਕੀ। ਉਹ ਆਪਣੇ ਪਿੰਡ ਕੋਇਰ ਸਿੰਘ ਵਾਲਾ ਵਿਖੇ ਆਪਣੀ ਭੂਆ ਤੇ ਇਕ ਹੋਰ ਰਿਸ਼ਤੇਦਾਰ ਕੋਲ ਰਹਿ ਰਹੀ ਸੀ। ਇਸੇ ਦੌਰਾਨ ਉਸ ਦੇ ਪ੍ਰੇਮ ਸੰਬੰਧ ਗੋਬਿੰਦ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਆਕਲੀਆ ਜਲਾਲ ਨਾਲ ਬਣ ਗਏ। ਦੋਵਾਂ ਦੇ ਸਬੰਧਾਂ ਦਾ ਪਰਿਵਾਰਕ ਮੈਂਬਰਾਂ ਨੂੰ ਪਤਾ ਸੀ ਤੇ ਕਥਿਤ ਦੋਸ਼ੀ ਨੇ ਕੁੜੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸੰਬੰਧ ਵੀ ਕਾਇਮ ਕਰ ਲਏ ਸਨ।
ਬਿਆਨਾਂ ਵਿੱਚ ਦੱਸਿਆ ਗਿਆ ਹੈ ਕਿ ਕਥਿਤ ਦੋਸ਼ੀ ਗੋਬਿੰਦ ਸਿੰਘ ਅਕਸਰ ਹੀ ਕੁੜੀ ਦੇ ਘਰ ਆਉਂਦਾ-ਜਾਂਦਾ ਸੀ ਅਤੇ ਵਿਆਹ ਦੀ ਗੱਲਬਾਤ ਵੀ ਚੱਲਦੀ ਰਹਿੰਦੀ ਸੀ। ਹੁਣ ਜਦੋਂ ਕੁੜੀ ਨੇ ਉਕਤ ਨੌਜਵਾਨ ਤੇ ਵਿਆਹ ਕਰਵਾਉਣ ਲਈ ਜ਼ੋਰ ਪਾਇਆ ਤਾਂ ਕਥਿਤ ਦੋਸ਼ੀਆਂ ਨੇ ਇਸ ਤੋਂ ਟਾਲ-ਮਟੋਲ ਸ਼ੁਰੂ ਕਰ ਦਿੱਤੀ ਤੇ ਆਖਰ ਕੁੜੀ ਨੂੰ ਵਿਆਹ ਤੋਂ ਜਵਾਬ ਦੇ ਦਿੱਤਾ। ਦਰਜ ਮਾਮਲੇ ਅਨੁਸਾਰ ਜਦੋਂ ਕੁੜੀ ਨੇ ਪ੍ਰੇਮੀ ਨੂੰ ਖ਼ੁਦਕਸ਼ੀ ਕਰਨ ਦੀ ਧਮਕੀ ਦਿੱਤੀ ਤਾਂ ਕਥਿਤ ਦੋਸ਼ੀ ਗੋਬਿੰਦ ਸਿੰਘ ਨੇ ਕੁੜੀ ਨੂੰ ਜ਼ਹਿਰੀਲੀਆਂ ਗੋਲ਼ੀਆਂ ਲਿਆ ਕੇ ਦਿੱਤੀਆਂ ਅਤੇ ਕਿਹਾ ਕਿ ਉਹ ਇਨ੍ਹਾਂ ਨੂੰ ਖਾ ਕੇ ਉਸ ਦਾ ਖਹਿੜਾ ਛੱਡੇ। ਆਪਣੇ ਨਾਲ ਹੋਏ ਧੋਖੇ ਤੋਂ ਤੰਗ ਹੋਈ ਹਰਮਨਪ੍ਰੀਤ ਕੌਰ ਨੇ ਐਤਵਾਰ ਨੂੰ ਜ਼ਹਿਰੀਲੀਆਂ ਗੋਲ਼ੀਆਂ ਖਾ ਲਈਆਂ ਜਿਸ ਨੂੰ ਇਲਾਜ ਲਈ ਪਹਿਲਾਂ ਬਲਵੀਰ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਸ ਨੂੰ ਆਦੇਸ਼ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਕੁੜੀ ਦੀ ਮੌਤ ਹੋ ਗਈ। ਏਐੱਸਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਕੁੜੀ ਕੋਲੋਂ ਮਿਲੇ ਖ਼ੁਦਕੁਸ਼ੀ ਨੋਟ ਦੇ ਆਧਾਰ ‘ਤੇ ਉਸ ਦੇ ਪ੍ਰੇਮੀ ਗੋਬਿੰਦ ਸਿੰਘ, ਉਸਦੇ ਪਿਤਾ ਨਿਰਮਲ ਸਿੰਘ, ਮਾਤਾ ਅਤੇ ਗੁੰਮਟੀ ਵਾਸੀ ਭੈਣ ਭਣੋਈਏ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Share: