ਅਜ਼ਾਨ

ਪਿੰਡ ਦਾ ਮੋੜ ਮੁੜਦਿਆਂ ਹੀ ਉਸ ਨੂੰ ਅਜੀਬ ਜਿਹੇ ਡਰ ਨੇ ਆਪਣੇ ਕਲਾਵੇ ਵਿਚ ਲੈ ਲਿਆ। ਇੰਝ ਜਾਪ ਰਿਹਾ ਸੀ ਜਿਵੇਂ ਉਹ ਆਪਣੇ ਹੀ ਘਰ ਵਿਚ ਇਕ ਮੁਜ਼ਰਮ ਵਾਂਗ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਇਕ-ਇਕ ਕਦਮ ਪੁੱਟਣ ਲਈ ਉਸ ਨੂੰ ਅੰਤਾਂ ਦੀ ਮੁਸ਼ੱਕਤ ਕਰਨੀ ਪੈ ਰਹੀ ਸੀ। ਰਾਤ ਦਾ ਹਨੇਰਾ ਉਸ ਨੂੰ ਨਿਗਲਣ ਲਈ ਕਾਹਲਾ ਸੀ। ਟਾਵਾਂ-ਟਾਵਾਂ ਚਮਕਦਾ ਤਾਰਾ ਉਸ ਨੂੰ ਆਪਣਾ ਦੁਸ਼ਮਣ ਜਾਪਦਾ ਸੀ। ਚੰਨ ਦੀ ਚਾਨਣੀ ਉਸ ਨੂੰ ਲੋਕਾਂ ਸਾਹਮਣੇ ਬੇਪਰਦ ਕਰਨ ਲਈ ਬਜ਼ਿੱਦ ਸੀ। ਗਲੀ ਵਿਚ ਹਰ ਚਮਕਦੀ ਅੱਖ ਉਸ ਨੂੰ ਗੁਨਾਹਗਾਰ ਸਾਬਤ ਕਰਨਾ ਚਾਹੁੰਦੀ ਸੀ। ਉਸ ਦੇ ਪੈਰ ਰੇਤੇ ਵਿਚ ਧਸਦੇ ਜਾਪ ਰਹੇ ਸਨ। ਇਨ੍ਹਾਂ ਸੋਚਾਂ ਵਿਚ ਡੁੱਬਿਆ ਕਦੋਂ ਉਹ ਆਪਣੇ ਘਰ ਆਣ ਵੜਿਆ ਉਸ ਨੂੰ ਪਤਾ ਹੀ ਨਾ ਲੱਗਾ। ਸਾਰੀ ਰਾਤ ਉਹ ਉਸਲਵੱਟੇ ਲੈਂਦਾ ਰਿਹਾ। ਸਵੇਰ ਹੋਣ ਤੇ ਬੇਬੇ-ਬਾਪੂ ਨੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਜ਼ਿੰਦਗੀ ਸੰਘਰਸ਼ ਦਾ ਦੂਜਾ ਨਾਂ ਹੈ। ਦਿਲ ਛੋਟਾ ਨਾ ਕਰ ਤੇ ਆਪਣੀ ਮਿਹਨਤ ’ਤੇ ਵਿਸ਼ਵਾਸ ਰੱਖ।

ਉਸ ਨੂੰ ਜ਼ਿੰਦਗੀ ਦੇ ਨੌਂ ਵਰ੍ਹੇ ਇਕ ਨਾਟਕ ਵਾਂਗੂੰ ਜਾਪਣ ਲੱਗੇ। ਜਿਸ ਦਾ ਮੁੱਖ ਪਾਤਰ ਬਹੁਤ ਸਾਰੇ ਗੁਣਾਂ ਦਾ ਮਾਲਕ ਤਾਂ ਹੈ, ਪਰ ਅਕਸਰ ਕਿਸਮਤ ਉਸ ਨੂੰ ਹੋਰ ਹੀ ਰੰਗ ਵਿਖਾਉਂਦੀ ਹੈ। ਇਸ ਵਾਰ ਵੀ ਤਾਂ ਅਜਿਹਾ ਕੁਝ ਹੀ ਹੋਇਆ ਸੀ ਉਸ ਨਾਲ। ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਪੂਰਾ ਹੁੰਦਾ-ਹੁੰਦਾ ਰਹਿ ਗਿਆ। ਮੰਜ਼ਿਲ ਦੇ ਨੇੜੇ ਪਹੁੰਚ ਕੇ ਵੀ ਉਹ ਉਸ ਤੋਂ ਕੋਹਾਂ ਦੂਰ ਹੋ ਗਿਆ ਸੀ। ਉਸ ਦਾ ਸੁਪਨਾ ਸਰਕਾਰੀ ਨੌਕਰੀ ਪਾਉਣ ਦਾ ਸੀ। ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਕੁਝ ਕੁ ਨੰਬਰਾਂ ਕਰਕੇ ਆਪਣੀ ਮੰਜ਼ਿਲ ਤੋਂ ਦੂਰ ਹੋ ਗਿਆ ਸੀ। ਥੋੜ੍ਹੇ ਸਮੇਂ ਬਾਅਦ ਬਾਪੂ ਨੇ ਉਸ ਨੂੰ ਬਾਡਰ ਆਲੇ ਖੇਤ ਚੱਲਣ ਲਈ ਕਿਹਾ ਅਤੇ ਨਾਲ ਹੀ ਜੁਗਿੰਦਰ ਨਿਹੰਗ ਨੂੰ ਨਾਲ ਲਿਜਾਣ ਲਈ ਕਿਹਾ ਕਿਉਂਕਿ ਰੁੱਖ ਛਾਂਗਣ ਵਿਚ ਉਸ ਦਾ ਕੋਈ ਸਾਨੀ ਨਹੀਂ ਸੀ। ਜੁਗਿੰਦਰ ਅੱਧਖੜ ਉਮਰ ਦਾ ਚੰਗੇ ਜੁੱਸੇ ਵਾਲਾ ਮਰਦ, ਜ਼ਿੰਦਗੀ ਨੂੰ ਬਿਨਾਂ ਕਿਸੇ ਡਰ ਦੇ ਜਿਉਣ ਵਾਲਾ ਬੇਖ਼ੌਫ਼ ਸੁਭਾਅ ਦਾ ਮਾਲਕ ਅਤੇ ਗੁਰੂਆਂ ਦੀ ਦਿੱਤੀ ਸਿੱਖਿਆ ਨੂੰ ਆਪਣੀ ਜ਼ਿੰਦਗੀ ’ਤੇ ਪੂਰੀ ਤਰ੍ਹਾਂ ਲਾਗੂ ਕਰਨ ਵਾਲਾ ਸੱਚਾ ਗੁਰੂ ਦਾ ਸਿੱਖ ਸੀ। ਹੱਕ ਸੱਚ ਦੀ ਕਮਾਈ ਕਰਨ ਵਿਚ ਉਸ ਦਾ ਪੂਰਾ ਵਿਸ਼ਵਾਸ ਸੀ। ਇਸ ਕਰਕੇ ਉਸ ਨੂੰ ਜੋ ਵੀ ਕੰਮ ਮਿਲਦਾ, ਉਹ ਬਿਨਾਂ ਕਿਸੇ ਝਿਜਕ ਦੇ ਕਰ ਲੈਂਦਾ।

ਖੇਤ ਪਹੁੰਚ ਕੇ ਜੁਗਿੰਦਰ ਤਾਂ ਆਪਣੇ ਕੰਮ ਵਿਚ ਮਸਰੂਫ ਹੋ ਗਿਆ, ਪਰ ਉਹਦਾ ਚਿੱਤ ਹੁਣ ਵੀ ਇਕਾਗਰ ਨਹੀਂ ਸੀ। ਅਚਾਨਕ ਉਸ ਦੀ ਨਜ਼ਰ ਕੰਡਿਆਲੀ ਤਾਰ ’ਤੇ ਪੈ ਗਈ। ਸਰਹੱਦ ’ਤੇ ਲੱਗੀ ਇਹ ਤਾਰ ਉਸ ਨੂੰ ਇਤਿਹਾਸ ਦੇ ਪੰਨਿਆਂ ਨੂੰ ਫਰੋਲਣ ਲਈ ਮਜਬੂਰ ਕਰਨ ਲੱਗੀ। ਸਤਲੁਜ ਦਰਿਆ ਦਾ ਇਹ ਇਲਾਕਾ ਇੱਥੋਂ ਦੇ ਬਾਸ਼ਿੰਦਿਆਂ ਲਈ ਵਰਦਾਨ ਸੀ। ਇੱਥੋਂ ਦੀ ਧਰਤੀ ਆਪਣੀ ਹਿੱਕ ਪਾੜ ਕੇ ਲੋਕਾਂ ਦਾ ਢਿੱਡ ਭਰਦੀ ਸੀ। ਕੰਡਿਆਲੀ ਤਾਰ ਦੇ ਪਰਲੇ ਪਾਸੇ ਉਸ ਦੇ ਬਜ਼ੁਰਗਾਂ ਦਾ ਜੱਦੀ ਪੁਸ਼ਤੀ ਘਰ ਸੀ ਤੇ ਸੰਤਾਲੀ ਦੀ ਵੰਡ ਤੋਂ ਬਾਅਦ ਉਸ ਦੇ ਬਜ਼ੁਰਗ ਸਤਲੁਜ ਪਾਰ ਕਰਕੇ ਚੜ੍ਹਦੇ ਪੰਜਾਬ ਆ ਗਏ ਸਨ। ਇਸ ਕਰਕੇ ਲਹਿੰਦੇ ਪੰਜਾਬ ਨਾਲ ਉਸ ਦੀ ਦਿਲੋਂ ਸਾਂਝ ਸੀ। ਬਾਡਰ ਆਲੇ ਖੇਤ ਦੀਆਂ ਯਾਦਾਂ ਦਾ ਉਸ ਦੀ ਮਾਨਸਿਕਤਾ ’ਤੇ ਡੂੰਘਾ ਅਸਰ ਸੀ। ਉੱਥੋਂ ਦਾ ਸ਼ਾਂਤ ਵਾਤਾਵਰਨ ਉਸ ਨੂੰ ਜੰਨਤ ਦਾ ਦੀਦਾਰ ਕਰਾਉਂਦਾ ਜਾਪਦਾ ਸੀ। ਇੰਜਣ ਦੀ ਠੁੱਕ-ਠੁੱਕ ਦੀ ਆਵਾਜ਼ ਅੱਜ ਵੀ ਉਸ ਦੇ ਜ਼ਿਹਨ ਵਿਚ ਗੂੰਜਦੀ ਸੀ। ਖੂਹ ਵਿਚੋਂ ਨਿਕਲਦੇ ਮਿੱਠੇ ਪਾਣੀ ਦਾ ਸੁਆਦ ਅੱਜ ਵੀ ਉਸ ਦੇ ਬੁੱਲ੍ਹਾਂ ’ਤੇ ਸੀ। ਬਚਪਨ ਤੋਂ ਹੀ ਉਸ ਦੀ ਇਸ ਖੇਤ ਨਾਲ ਡੂੰਘੀ ਸਾਂਝ ਸੀ। ਬਚਪਨ ਵਿਚ ਉਹ ਇਸੇ ਖੇਤ ਵਿਚ ਕਮਾਦ ਗੱਡਦੇ ਹੁੰਦੇ ਸਨ। ਹਰ ਸਾਲ ਸਤਲੁਜ ਦਰਿਆ ਉੱਥੋਂ ਦੀਆਂ ਫ਼ਸਲਾਂ ਤਬਾਹ ਕਰ ਦਿੰਦਾ ਸੀ। ਇਸ ਕਰਕੇ ਲੋਕਾਂ ਨੂੰ ਇੱਕ ਹੀ ਫ਼ਸਲ ਚੁੱਕਣ ਨੂੰ ਮਿਲਦੀ ਸੀ। ਅਕਸਰ ਹੀ ਉਸ ਦੇ ਕੰਨਾਂ ਵਿਚ ਸਰਹੱਦ ਪਾਰੋਂ ਪਾਕਿਸਤਾਨੀ ਫਨਕਾਰਾਂ ਦੇ ਬੋਲ ਪੈਂਦੇ। ਆਲਮ ਲੁਹਾਰ ਦਾ ਬੋਲ ਮਿੱਟੀ ਦੇ ਬਾਵਿਆ ਅਕਸਰ ਹੀ ਉਸ ਨੂੰ ਸੁਣਨ ਨੂੰ ਮਿਲਦਾ। ਸ਼ਾਹ ਵੇਲੇ ਖੇਤਾਂ ਵਿਚੋਂ ਕੰਮ ਕਰਦੇ ਲੋਕ ਆਪਣੇ ਘਰਾਂ ਨੂੰ ਮੁੜ ਜਾਂਦੇ ਜਿਨ੍ਹਾਂ ਵਿਚੋਂ ਬਹੁਤੇ ਸਰਹੱਦ ਪਾਰ ਆਪਣੀਆਂ ਪੈਲੀਆਂ ਵਿਚ ਕੰਮ ਕਰਕੇ ਆਉਂਦੇ ਸਨ। ਲੋਕਾਂ ਦੇ ਗੱਡੇ ਪਸ਼ੂਆਂ ਲਈ ਲਿਆਂਦੇ ਪੱਠਿਆਂ ਅਤੇ ਤੂੜੀ ਨਾਲ ਭਰੇ ਹੁੰਦੇ। ਫਿਰ ਇਹ ਗੱਡੇ ਆਪਣੇ-ਆਪਣੇ ਗਰਾਂ ਨੂੰ ਮੁੜ ਜਾਂਦੇ। ਇਹ ਨਜ਼ਾਰਾ ਉਸ ਨੂੰ ਮੁਲਕ ਦੀ ਹੋਈ ਵੰਡ ਵਾਂਗੂੰ ਲੱਗਦਾ। ਫਿਰ ਉਹ ਸੋਚਦਾ ਸੰਤਾਲੀ ਦੀ ਵੰਡ ਵੇਲੇ ਉਸ ਦੇ ਬਜ਼ੁਰਗ ਵੀ ਇਸੇ ਤਰ੍ਹਾਂ ਗੱਡਿਆਂ ’ਤੇ ਸਤਲੁਜ ਪਾਰ ਕਰਕੇ ਇਸ ਪਾਸੇ ਆਏ ਹੋਣਗੇ।

ਬੱਲੀ, “ਉਹ ਸੈਂਕਲ ’ਤੇ ਪਈ ਆਰੀ ਫੜਾ।’’

ਕੰਨੀਂ ਪਈ ਇਹ ਆਵਾਜ਼ ਉਸ ਨੂੰ ਖ਼ਿਆਲਾਂ ਦੀ ਦੁਨੀਆ ਤੋਂ ਬਾਹਰ ਲੈ ਆਈ।

“ਹਾਂ ਚਾਚਾ ਲੈ ਆਉਨਾਂ।’’

ਅਚਾਨਕ ਉਸ ਦੀ ਨਜ਼ਰ ਜੁਗਿੰਦਰ ’ਤੇ ਪਈ। ਉਹ ਮੁਸ਼ਕਲ ਨਾਲ ਟਾਹਲੀ ਛਾਂਗ ਰਿਹਾ ਸੀ। ਉਹਨੇ ਆਪਣੇ ਸਰੀਰ ਨੂੰ ਕੱਪੜੇ ਨਾਲ ਘੁੱਟ ਕੇ ਬੰਨ੍ਹਿਆ ਹੋਇਆ ਸੀ। ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਤੋਂ ਪੀੜ ਸਹਿਣ ਨਹੀਂ ਸੀ ਹੋ ਰਹੀ। ਉਸ ਤੋਂ ਰਿਹਾ ਨਾ ਗਿਆ ਤੇ ਉਸ ਨੇ ਜੁਗਿੰਦਰ ਨੂੰ ਪੁੱਛਿਆ, ‘‘ਚਾਚਾ, ਆਹ ਕੱਪੜਾ ਕਾਹਤੋਂ ਬੰਨਿਐ?’’

ਅੱਗੋਂ ਉਹਨੇ ਹੱਸ ਕੇ ਜੁਆਬ ਦਿੱਤਾ, ‘‘ਕੁਝ ਨੀਂ ਕਾਕਾ, ਬਸ ਆਹ ਹਰਨੀਆਂ ਦਾ ਦਰਦ ਐ ਥੋੜ੍ਹਾ।’’

ਡਾਕਟਰ ਨੇ ਕਿਹਾ ਸੀ ਕਿ ਅਪਰੇਸ਼ਨ ਕਰਵਾ ਲੈ ਸੌਖਾ ਰਹੇਂਗਾ, ਪਰ ਪੁੱਤਰਾ ਐਨੀ ਕੁ ਪੀੜ ਸਾਨੂੰ ਕੀ ਕਹਿੰਦੀ ਹੈ। ਉਹਦੇ ਚਿਹਰੇ ’ਤੇ ਡਰ ਜਾਂ ਅਚਾਨਕ ਉੱਠੀ ਪੀੜ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਨਾਲੇ ਕਾਕਾ ਜ਼ਿੰਦਗੀ ’ਚ ਏਸ ਤੋਂ ਵੀ ਡੂੰਘੀਆਂ ਸੱਟਾਂ ਖਾਧੀਆਂ ਹੋਈਆਂ ਨੇ, ਉਨ੍ਹਾਂ ਸਾਹਮਣੇ ਇਹ ਪੀੜ ਤਾਂ ਕੁਝ ਵੀ ਨਹੀਂ। ਹਾਲਾਂਕਿ ਉਹ ਜਾਣਦਾ ਸੀ ਕਿ ਜੁਗਿੰਦਰ ਕੋਲ ਅਪਰੇਸ਼ਨ ਕਰਾਉਣ ਲਈ ਪੈਸੇ ਨਹੀਂ ਸਨ। ਉਹ ਕਿਸੇ ਦਾਰਸ਼ਨਿਕ ਵਾਂਗੂੰ ਗੱਲਾਂ ਕਰ ਰਿਹਾ ਸੀ। ਜ਼ਿੰਦਗੀ ਬਾਰੇ ਜਿਹੋ ਜਿਹੀਆਂ ਡੂੰਘੀਆਂ ਗੱਲਾਂ ਉਹ ਆਪਣੇ ਯੂਨੀਵਰਸਿਟੀ ਦੇ ਪ੍ਰੋਫ਼ੈਸਰਾਂ ਤੋਂ ਸੁਣਦਾ ਸੀ, ਉਹੋ ਜਿਹੀਆਂ ਗੱਲਾਂ ਜੁਗਿੰਦਰ ਵੀ ਕਰ ਰਿਹਾ ਸੀ। ਉਹ ਸੋਚਣ ਲੱਗਾ ਕਿ ਇਹ ਅਨਪੜ੍ਹ ਬੰਦਾ ਜ਼ਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ ਸਹਾਰਦਾ ਹੋਇਆ ਵੀ ਇੰਨੀ ਚੜ੍ਹਦੀ ਕਲਾ ਵਿਚ ਕਿਵੇਂ ਰਹਿੰਦਾ ਹੈ।

ਸ਼ਾਇਦ ਉਸ ਨੇ ਗੁਰੂਆਂ ਦੀ ਕਹੀ ਗੱਲ ‘ਚਿੰਤਾ ਚਿਖਾ ਸਮਾਨ’’ ’ਤੇ ਅਮਲ ਕਰ ਲਿਆ ਸੀ। ਜੁਗਿੰਦਰ ਨੂੰ ਦੇਖ ਕੇ ਉਸ ਦੇ ਮਨ ਵਿਚ ਨਵੀਂ ਤਰ੍ਹਾਂ ਦੀ ਊਰਜਾ ਦਾ ਸੰਚਾਰ ਹੋਣ ਲੱਗਿਆ। ਗ਼ਮ ਦੇ ਕਾਲੇ ਬੱਦਲ ਝੜਨ ਲੱਗੇ। ਭਵਿੱਖ ਦੀ ਚਿੰਤਾ ਨਾਲ ਪੈਦਾ ਹੋਈ ਧੂੜ ਸਾਫ਼ ਹੋਣ ਲੱਗੀ। ਪੀੜ ਦਾ ਆਲਮ ਆਖ਼ਰੀ ਸਾਹਾਂ ’ਤੇ ਸੀ। ਜ਼ਿੰਦਗੀ ਦੀ ਨਵੀਂ ਸਵੇਰ ਉਸ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗੀ। ਜ਼ਿੰਦਗੀ ਨੂੰ ਦੇਖਣ ਦਾ ਉਸ ਦਾ ਨਜ਼ਰੀਆ ਬਦਲ ਗਿਆ। ਆਸ ਦੀ ਕਿਰਨ ਉਸ ਨੂੰ ਮੁੜ ਤੋਂ ਹਾਲਾਤ ਨਾਲ ਨਜਿੱਠਣ ਲਈ ਤਾਕਤ ਦੇ ਰਹੀ ਸੀ।

ਸ਼ਾਮ ਦਾ ਸਮਾਂ ਉੱਥੋਂ ਦੇ ਮਾਹੌਲ ਨੂੰ ਹੋਰ ਵੀ ਖ਼ੂਬਸੂਰਤ ਬਣਾ ਰਿਹਾ ਸੀ। ਇਸ ਵੇਲੇ ਤੱਕ ਟਾਹਲੀ ਵੀ ਛਾਂਗੀ ਜਾ ਚੁੱਕੀ ਸੀ। ਜੁਗਿੰਦਰ ਨਾਲ ਮਿਲ ਕੇ ਉਹ ਛਾਪੇ ਇਕੱਠੇ ਕਰਨ ਲੱਗਾ। ਇੰਨੇ ਨੂੰ ਸਰਹੱਦ ਪਾਰੋਂ ਅਜ਼ਾਨ ਹੋਣ ਲੱਗੀ। ਕੰਡਿਆਲੀ ਤਾਰ ਦੇ ਪਰਲੇ ਪਾਸੇ ਪਾਕਿਸਤਾਨੀ ਫ਼ੌਜ ਦੀ ਚੌਕੀ ਸੀ। ਉੱਥੇ ਬਣੀ ਹੋਈ ਮਸਜਿਦ ਤੋਂ ਅਜ਼ਾਨ ਦੀ ਆਵਾਜ਼ ਆ ਰਹੀ ਸੀ। ਉਸ ਨੂੰ ਜਾਪਣ ਲੱਗਾ ਜਿਵੇਂ ਸਾਰੀ ਕਾਇਨਾਤ ਉਸ ਨਾਲ ਆਣ ਖੜ੍ਹੀ ਹੋਵੇ ਤੇ ਉਸ ਨੂੰ ਮੁੜ ਤੋਂ ਆਪਣੇ ਸੁਪਨੇ ਨੂੰ ਪੂਰਾ ਕਰਨ ਦਾ ਆਸ਼ੀਰਵਾਦ ਦੇ ਰਹੀ ਹੋਵੇ।

ਵਿਕਾਸ ਕੰਬੋਜ ਵਿਨਾਇਕ

Share: