ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਹੜਤਾਲੀ ਕਾਮਿਆਂ ਦਾ ਪਟਿਆਲਾ ’ਚ ਡੇਰਾ

ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਹੜਤਾਲੀ ਕਾਮਿਆਂ ਦਾ ਪਟਿਆਲਾ ’ਚ ਡੇਰਾ

ਪਟਿਆਲਾ: ਪੱਕੇ ਹੋਣ ਲਈ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਹਜ਼ਾਰਾਂ ਠੇਕਾ ਮੁਲਾਜ਼ਮ ਅੱਜ ਤਿੰਨ ਰੋਜ਼ਾ ਹੜਤਾਲ ਦੇ ਦੂਜੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵੱਲ ਮਾਰਚ ਕਰਨ ਤੋਂ ਪਹਿਲਾਂ ਫੁਹਾਰਾ ਚੌਕ ਵਿੱਚ ਇਕੱਤਰ ਹੋਏ। ਉਨ੍ਹਾਂ ਦੀ ਇਸ ਕਾਰਵਾਈ ਨਾਲ ਸੜਕ ਜਾਮ ਹੋ ਗਈ। ਪੁਲੀਸ ਨੇ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਰੋਕਣ ਤੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਮਹਿਲ ਦੇ ਨੇੜੇ ਜਾਣ ਤੋਂ ਰੋਕਣ ਲਈ ਪੁਖਤਾ ਬੰਦੋਬਸਤ ਕਰਨ ਦਾ ਦਾਅਵਾ ਕੀਤਾ ਹੈ। ਉਧਰ ਇਸ ਹੜਤਾਲ ਕਾਰਨ ਆਮ ਲੋਕਾਂ ਨੂੰ ਜਿਥੇ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਉਥੇ ਪ੍ਰਾਈਵੇਟ ਟਰਾਂਸਪੋਟਰ ਇਸ ਹੜਤਾਲ ਦਾ ਪੂਰਾ ਲਾਹਾ ਲੈ ਰਹੇ ਹਨ।

ਮਾਨਸਾ: ਸੂਬੇ ਵਿਚ ਪੀਆਰਟੀਸੀ, ਪੰਜਾਬ ਰੋਡਵੇਜ਼ ਅਤ ਪਨਬਸ ਦੇ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਆਪਣੀਆਂ ਮੰਗਾਂ ਮਨਾਉਣ ਲਈ ਅੱਜ ਲਗਾਤਾਰ ਦੂਸਰੇ ਦਿਨ ਹੜਤਾਲ ਆਰੰਭ ਕਰ ਦਿੱਤੀ ਗਈ ਹੈ, ਜਿਸ ਕਾਰਨ ਲੋਕਾਂ ਨੂੰ ਕਲ੍ਹ ਵਾਂਗ ਅੱਜ ਮੁੜ ਦੂਰ ਦਰਾਡੇ ਸਫ਼ਰ ਕਰਨ ਵਿਚ ਭਾਰੀ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਇਸ ਹੜਤਾਲ ਦਾ ਲਾਹਾ ਲੈ ਕੇ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਆਪਣੀਆਂ ਬੱਸਾਂ ਨੂੰ ਕਲ੍ਹ ਤੋਂ ਹੀ ਚਲਾਉਣਾ ਆਰੰਭ ਕੀਤਾ ਹੋਇਆ ਹੈ ਪਰ ਅੰਤਰਰਾਜੀ ਰੂਟਾਂ ਉਤੇ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀ ਹੋ ਰਹੀ ਹੈ। ਪੀਆਰਟੀਸੀ ਦੇ ਪ੍ਰਬੰਧਕਾਂ ਨੇ ਕੁੱਝ ਪੱਕੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਭਾਵੇਂ ਕੁੱਝ ਰੂਟਾਂ ਉਤੇ ਬੱਸ ਸੇਵਾ ਨੂੰ ਬਹਾਲ ਰੱਖਣ ਦਾ ਅੱਜ ਸਵੇਰੇ ਤੋਂ ਹੀ ਉਪਰਾਲਾ ਕੀਤਾ ਗਿਆ ਹੈ ਪਰ ਸਵਾਰੀਆਂ ਦੀ ਭੀੜ ਵੱਧ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਮਾਨਸਾ ਸ਼ਹਿਰ ਤੋਂ ਸਿਰਸਾ ਨੂੰ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਤੋਂ ਇਲਾਵਾ ਕੋਈ ਹੋਰ ਬੱਸ ਨਹੀਂ ਜਾਂਦੀ ਹੈ, ਜਿਸ ਕਾਰਨ ਹਰਿਆਣਾ ਵਿਚ ਜਾਣ ਵਾਲੇ ਲੋਕਾਂ ਨੂੰ ਵੱਡੀ ਦਿੱਕਤ ਹੋਣ ਲੱਗੀ ਹੈ। ਮਹਿਲਾ ਸਵਾਰੀਆਂ ਨੂੰ ਸਰਕਾਰੀ ਬੱਸਾਂ ਵਿਚ ਮੁਫਤ ਸਫਰ ਦੀ ਸਹੂਲਤ ਹੋਣ ਕਰਕੇ ਉਨ੍ਹਾਂ ਨੂੰ ਇਸ ਹੜਤਾਲ ਕਾਰਨ ਲਗਾਤਾਰ ਦੂਸਰੇ ਦਿਨ ਦੂਹਰਾ ਨੁਕਸਾਨ ਹੋਣ ਲੱਗਿਆ ਹੈ। ਕਾਰਪੋਰੇਸ਼ਨ ਦੇ ਅਧਿਕਾਰੀਆਂ ਤੋਂ ਪਤਾ ਲੱਗਿਆ ਹੈ ਕਿ ਪ੍ਰਬੰਧਕਾਂ ਨੇ ਹੜਤਾਲ ਨਾਲ ਨਜਿੱਠਣ ਲਈ ਟਰਾਂਸਪੋਰਟ ਮੰਤਰੀ ਨਾਲ ਹੜਤਾਲੀ ਕਾਮਿਆਂ ਦੀ ਮੀਟਿੰਗ ਕਰਾਉਣ ਦਾ ਉਪਰਾਲਾ ਕੀਤਾ ਸੀ, ਉਸ ਦੇ ਵੀ ਚੰਗੇ ਨਤੀਜੇ ਸਾਹਮਣੇ ਨਹੀਂ ਆਏ ਹਨ।

Share: