ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਭਾਰਤੀ ਯਾਤਰੀਆਂ ’ਤੇ ਐਲਾਨੀ ਗਈ ਪਾਬੰਦੀ ਤੋਂ ਵਿਦਿਆਰਥੀਆਂ, ਅਕਾਦਮਿਕ, ਪੱਤਰਕਾਰਾਂ ਤੇ ਵਿਅਕਤੀਗਤ ਦੇ ਕੁਝ ਵਰਗਾਂ ਨੂੰ ਛੋਟ ਦਿੱਤੀ ਗਈ ਹੈ। ਬਾਇਡਨ ਵੱਲੋਂ ਭਾਰਤ ਤੋਂ ਅਮਰੀਕਾ ਆਉਣ ਵਾਲੇ ਯਾਤਰੀਆਂ ’ਤੇ 4 ਮਈ ਤੋਂ ਲਗਾਈ ਗਈ ਪਾਬੰਦੀ ਤੋਂ ਕੁਝ ਹੀ ਘੰਟਿਆਂ ਬਾਅਦ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਇਹ ਛੋਟਾਂ ਦਿੱਤੀਆਂ ਹਨ। ਭਾਰਤੀ ਯਾਤਰੀਆਂ ’ਤੇ ਇਹ ਪਾਬੰਦੀ ਭਾਰਤ ਵਿਚ ਕਰੋਨਾਵਾਇਰਸ ਮਹਾਮਾਰੀ ਦੇ ਦਿਨੋਂ-ਦਿਨ ਵਧ ਰਹੇ ਪ੍ਰਕੋਪ ਅਤੇ ਦੇਸ਼ ਵਿਚ ਮਹਾਮਾਰੀ ਦਾ ਵੱਖ-ਵੱਖ ਤਰ੍ਹਾਂ ਦਾ ਰੂਪ ਫੈਲਣ ਦੇ ਮੱਦੇਨਜ਼ਰ ਲਗਾਈ ਗਈ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਯਾਤਰਾ ਸਬੰਧੀ ਪਾਬੰਦੀ ’ਤੇ ਇਹ ਛੋਟਾਂ ਉਸੇ ਤਰਜ਼ ’ਤੇ ਦਿੱਤੀਆਂ ਗਈਆਂ ਹਨ ਜੋ ਕਿ ਅਮਰੀਕਾ ਵੱਲੋਂ ਬ੍ਰਾਜ਼ੀਲ, ਚੀਨ, ਇਰਾਨ ਤੇ ਦੱਖਣੀ ਅਫ਼ਰੀਕਾ ਤੋਂ ਆਉਣ ਵਾਲੇ ਯਾਤਰੀਆਂ ਦੇ ਕੁਝ ਵਰਗਾਂ ਨੂੰ ਦਿੱਤੀਆਂ ਗਈਆਂ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਵਿਦੇਸ਼ ਮੰਤਰਾਲੇ ਵੱਲੋਂ ਜਾਇਜ਼ ਕਾਰਨਾਂ ਕਰ ਕੇ ਅਮਰੀਕਾ ਆਉਣ ਵਾਲੇ ਯਾਤਰੀਆਂ ਨੂੰ ਛੋਟ ਦੇ ਕੀਤੇ ਗਏ ਵਾਅਦੇ ਨੂੰ ਧਿਆਨ ਵਿਚ ਰੱਖਦਿਆਂ, ਵਿਦੇਸ਼ ਮੰਤਰੀ ਬਲਿੰਕਨ ਨੇ ਅੱਜ ਫ਼ੈਸਲਾ ਲਿਆ ਹੈ ਕਿ ਹੋਰ ਦੇਸ਼ਾਂ ਦੇ ਯਾਤਰੀਆਂ ਵਾਂਗ ਭਾਰਤ ਦੇ ਯਾਤਰੀਆਂ ਦੇ ਕੁਝ ਖ਼ਾਸ ਵਰਗਾਂ ਨੂੰ ਵੀ ਉਹੀ ਛੋਟਾਂ ਦਿੱਤੀਆਂ ਜਾਣ। – PTI
Posted inAmerica United States World