ਪੰਜਾਬ ਵਿੱਚ ਰਾਤ ਦਾ ਕਰਫਿਊ ਤੇ ਹਫ਼ਤਾਵਾਰੀ ਲੌਕਡਾਊਨ 15 ਤੱਕ

ਪੰਜਾਬ ਵਿੱਚ ਰਾਤ ਦਾ ਕਰਫਿਊ ਤੇ ਹਫ਼ਤਾਵਾਰੀ ਲੌਕਡਾਊਨ 15 ਤੱਕ

ਪੰਜਾਬ ’ਚ ਕਰੋਨਾਵਾਇਰਸ ਦੇ ਵਧਦੇ ਕੇਸਾਂ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਵਿੱਚ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਹਫ਼ਤਾਵਾਰੀ ਕਰਫਿਊ ਨੂੰ 15 ਮਈ ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਕਰਫਿਊ ਦੌਰਾਨ ਜ਼ਰੂਰੀ ਕੰਮ ਲਈ ਆਵਾਜਾਈ ਕੀਤੀ ਜਾ ਸਕੇਗੀ ਜਦਕਿ ਗੈਰ ਜ਼ਰੂਰੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਸੂਬੇ ਵਿੱਚ ਜਨਤਕ ਟਰਾਂਸਪੋਰਟ (ਬੱਸ, ਟੈਕਸੀ ਅਤੇ ਤਿੰਨ-ਪਹੀਆ ਵਾਹਨ) ਵੀ 50 ਫ਼ੀਸਦ ਸਵਾਰੀਆਂ ਨਾਲ ਚਲਾਉਣ ਦੇ ਆਦੇਸ਼ ਦਿੱਤੇ ਗਏ ਹਨ।

ਸਰਕਾਰੀ ਬੁਲਾਰੇ ਅਨੁਸਾਰ ਸੂਬੇ ਵਿਚਲੇ ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾ, ਕੋਚਿੰਗ ਸੈਂਟਰ, ਸਵਿਮਿੰਗ ਪੂਲ, ਖੇਡ ਕੰਪਲੈਕਸ ਵੀ 15 ਮਈ ਤੱਕ ਬੰਦ ਰਹਿਣਗੇ। ਇਸ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ। ਸਾਰੇ ਰੈਸਟੋਰੈਂਟ, ਹੋਟਲ, ਕੈਫੇ, ਕਾਫੀ ਸ਼ੋਪ, ਫਾਸਟ ਫੂਡ ਦੀਆਂ ਦੁਕਾਨਾਂ ਅਤੇ ਢਾਬਿਆਂ ’ਤੇ ਬਿਠਾ ਕੇ ਖਵਾਉਣ ’ਤੇ ਪਾਬੰਦੀ ਲਗਾਈ ਗਈ ਹੈ। ਪਰ ਰਾਤ 9 ਵਜੇ ਤੱਕ ਘਰ ਲਿਜਾਣ ਅਤੇ ਹੋਮ ਡੀਲਿਵਰੀ ਦੀ ਇਜਾਜ਼ਤ ਦਿੱਤੀ ਗਈ ਹੈ। ਸੂਬੇ ਵਿਚਲੀਆਂ ਸਾਰੀਆਂ ਦੁਕਾਨਾਂ, ਮਾਲਜ਼ ਅਤੇ ਮਲਟੀਪਲੈਕਸ ਰੋਜ਼ਾਨਾ ਸ਼ਾਮ 5 ਵਜੇ ਬੰਦ ਕਰ ਦਿੱਤੇ ਜਾਣਗੇ। ਹਫ਼ਤਾਵਰੀ ਮੰਡੀਆਂ ਵੀ ਅਗਲੇ ਹੁਕਮਾ ਤੱਕ ਬੰਦ ਕੀਤੀਆਂ ਗਈਆਂ ਹਨ। ਸਾਰੇ ਸਮਾਜਿਕ, ਧਾਰਮਿਕ, ਸੱਭਿਆਚਾਰਕ ਅਤੇ ਖੇਡ ਸਮਾਗਮ ਕਰਵਾਉਣ ’ਤੇ ਪਾਬੰਦੀ ਲਗਾਈ ਗਈ ਹੈ। ਵਿਆਹ ਸਮਾਗਮ ਅਤੇ ਸਸਕਾਰ ਵਿੱਚ 20 ਜਣਿਆਂ ਦੇ ਇਕੱਠ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਜਦਕਿ ਪ੍ਰਸ਼ਾਸਨਿਕ ਪ੍ਰਵਾਨਗੀ ਨਾਲ 10 ਜਣੇ ਹੋਰ ਇਕੱਠੇ ਹੋ ਸਕਣਗੇ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਸਾਰੇ ਰਾਜਨੀਤਕ ਸਮਾਗਮਾਂ ’ਤੇ ਵੀ ਪਾਬੰਦੀ ਲਗਾਈ ਗਈ ਹੈ। ਜੇਕਰ ਪਾਬੰਦੀ ਦੇ ਬਾਵਜੂਦ ਕੋਈ ਵੀ ਇਕੱਠ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਧਾਰਮਿਕ, ਸਮਾਜਿਕ ਜਾਂ ਰਾਜਨੀਤਕ ਸਮਾਗਮ ਵਿੱਚ ਸ਼ਮੂਲੀਅਤ ਕਰਦਾ ਹੈ ਤਾਂ ਉਸ ਨੂੰ 5 ਦਿਨਾਂ ਲਈ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ ਅਤੇ ਕਰੋਨਾ ਟੈਸਟ ਲਾਜ਼ਮੀ ਕਰਵਾਉਣਾ ਪਵੇਗਾ। ਸੂਬੇ ਦੇ ਸਕੂਲ, ਕਾਲਜ ਅਤੇ ਹੋਰ ਸਿੱਖਿਆ ਅਦਾਰੇ ਵੀ 15 ਮਈ ਤੱਕ ਬੰਦ ਰਹਿਣਗੇ ਪਰ ਸਕੂਲਾਂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੀ ਹਾਜ਼ਰੀ ਜ਼ਰੂਰੀ ਹੈ। ਇਸ ਦੇ ਨਾਲ ਹੀ ਸਾਰੇ ਨਿੱਜੀ ਦਫ਼ਤਰਾਂ ਦੇ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਸੂਬਾ ਸਰਕਾਰ ਨੇ ਪੁਲੀਸ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਪਾਬੰਦੀਆਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਰਿਆਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਹਰ ਸਮੇਂ ਮਾਸਕ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।

ਦਵਾਈ, ਡੇਅਰੀ, ਸਬਜ਼ੀ ਅਤੇ ਫਲਾਂ ਦੀ ਦੁਕਾਨਾਂ ਖੁੱਲ੍ਹਣਗੀਆਂ

ਸੂਬਾ ਸਰਕਾਰ ਵੱਲੋਂ ਲਗਾਏ ਗਏ ਰਾਤ ਦੇ ਕਰਫਿਊ ਅਤੇ ਹਫ਼ਤਾਵਾਰੀ ਕਰਫਿਊ ਦੌਰਾਨ ਦਵਾਈਆਂ, ਡੇਅਰੀ, ਸਬਜ਼ੀ ਅਤੇ ਫਲਾਂ ਅਤੇ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ। ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਨਿਰਮਾਣ ਕਾਰਜ ਜਾਰੀ ਰਹਿਣਗੇ ਅਤੇ ਖੇਤੀਬਾੜੀ, ਪਸ਼ੂ ਪਾਲਣ ਦੇ ਕੰਮਕਾਜ ਨੂੰ ਵੀ ਛੁੱਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਟੈਲੀ ਕਮਿਊਨੀਕੇਸ਼ਨ, ਇੰਟਰਨੈੱਟ ਸੇਵਾਵਾਂ, ਕੇਬਲ ਸਰਵਿਸ, ਪੈਟਰੋਲ ਪੰਪ, ਐੱਲਪੀਜੀ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ।

 

Share: