ਬਦਾਯੂੰ (ਉੱਤਰ ਪ੍ਰਦੇਸ਼) : ਬਦਾਯੂੰ ਜ਼ਿਲ੍ਹੇ ਦੇ ਸਹਸਵਾਨ ਖੇਤਰ ਦੇ ਟੱਪਾ ਜਾਮਨੀ ਪਿੰਡ ਵਿੱਚ ਬੁੱਧਵਾਰ ਦੀ ਰਾਤ ਤੇਜ਼ ਹਨੇਰੀ ਕਾਰਨ ਟਰਾਂਸਫ਼ਾਰਮਰ ਤੋਂ ਨਿਕਲੀ ਚੰਗਿਆੜੀ ਨੇ ਕੁਝ ਸਮੇਂ ਵਿੱਚ ਹੀ ਲਗਪਗ ਪੂਰੇ ਪਿੰਡ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਘਟਨਾ ਵਿੱਚ ਕਰੀਬ 200 ਘਰ ਸੜ ਗਏ ਅਤੇ ਪਿੰਡ ਸੁਆਹ ਦਾ ਢੇਰ ਬਣ ਗਿਆ। ਇਹ ਜਾਣਕਾਰੀ ਇੱਕ ਅਧਿਕਾਰੀ ਵੱਲੋਂ ਦਿੱਤੀ ਗਈ ਹੈ।
ਸਥਾਨਕ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਲੋਕਾਂ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ, ਪਰ ਇੱਕ ਵਿਅਕਤੀ ਝੁਲਸ ਕੇ ਜ਼ਖ਼ਮੀ ਹੋ ਗਿਆ ਜਿਸ ਨੂੰ ਉਝਾਨੀ ਦੇ ਕਮਿਊਨਿਟੀ ਹੈਲਥ ਸੈਂਟਰ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਭਿਆਨਕ ਅੱਗ ਵਿਚ ਸੈਂਕੜਿਆਂ ਦੀ ਗਿਣਤੀ ਵਿੱਚ ਪਾਲਤੂ ਪਸ਼ੂਆਂ ਦੀ ਸੜਨ ਕਾਰਨ ਮੌਤ ਹੋ ਗਈ। ਪੁਲੀਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਹੈ। ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਦੋਂ ਤੱਕ ਪਿੰਡ ਵਿਚ ਪਹੁੰਚੀਆਂ, ਉਦੋਂ ਤੱਕ ਪੂਰਾ ਪਿੰਡ ਸੜ ਕੇ ਸੁਆਹ ਹੋ ਚੁੱਕਿਆ ਸੀ।
ਜ਼ਿਲ੍ਹਾ ਅਧਿਕਾਰੀ ਅਵਨੀਸ਼ ਕੁਮਾਰ ਰਾਏ ਨੇ ਦੱਸਿਆ ਕਿ ਇਹ ਦੁਰਘਟਨਾ ਤੇਜ਼ ਹਨੇਰੀ ਕਾਰਨ ਵਾਪਰੀ ਹੈ। ਪੁਲੀਸ, ਫਾਇਰ ਬ੍ਰਿਗੇਡ, ਮੈਡੀਕਲ ਟੀਮ ਅਤੇ ਐਂਬੂਲੈਂਸ ਮੌਕੇ ’ਤੇ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਦੀ ਮੌਤ ਹੋਣ ਤੋਂ ਬਚਾਅ ਰਿਹਾ, ਇੱਕ ਵਿਅਕਤੀ ਝੁਲਸਿਆ ਹੈ। ਇਸ ਦੌਰਾਨ ਪਸ਼ੂਆਂ ਦੀ ਵੱਡੀ ਗਿਣਤੀ ਵਿੱਚ ਮੌਤ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਨੁਕਸਾਨ ਦਾ ਜਲਦੀ ਮੁਲਾਂਕਣ ਕਰਕੇ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਜਿਨ੍ਹਾਂ ਦੇ ਘਰ ਨੁਕਸਾਨੀ ਗਏ ਹਨ ਉਨ੍ਹਾਂ ਨੂੰ ਵੀ ਮਦਦ ਦਿੱਤੀ ਜਾਵੇਗੀ।