ਲੰਡਨ/ਬੰਗਲੂਰੂ : Booker Prize: ਲੇਖਕਾ, ਵਕੀਲ ਤੇ ਸਮਾਜਿਕ ਕਾਰਕੁਨ ਬਾਨੂ ਮੁਸ਼ਤਾਕ ਨੂੰ ਉਨ੍ਹਾਂ ਦੇ ਕੰਨੜ ਕਹਾਣੀ ਸੰਗ੍ਰਹਿ ‘Heart Lamp’ (ਹਾਰਟ ਲੈਂਪ) ਲਈ ਵੱਕਾਰੀ ਇੰਟਰਨੈਸ਼ਨਲ ਬੁੱਕਰ ਪੁਰਸਕਾਰ 2025 ਨਾਲ ਨਿਵਾਜਿਆ ਗਿਆ ਹੈ। ‘ਹਾਰਟ ਲੈਂਪ’ ਇਹ ਪੁਰਸਕਾਰ ਹਾਸਲ ਕਰਨ ਵਾਲੀ ਪਹਿਲੀ ਕੰਨੜ ਕਿਤਾਬ ਬਣ ਗਈ ਹੈ। ਜਿਸ ਨਾਲ ਭਾਰਤੀ ਸਾਹਿਤ ਨੂੰ ਇਕ ਹੋਰ ਇਤਿਹਾਸਕ ਮਾਣ ਮਿਲਿਆ ਹੈ। ਇਥੇ ਟੇਟ ਮਾਡਰਨ ਵਿਚ ਕਰਵਾਏ ਸ਼ਾਨਦਾਰ ਸਮਾਗਮ ਦੌਰਾਨ ਬਾਨੂ ਮੁਸ਼ਤਾਕ ਨੂੰ ਉਨ੍ਹਾਂ ਦੀ ਅਨੁਵਾਦਕ ਦੀਪਾ ਭਾਸਤੀ ਨਾਲ ਇਹ ਸਨਮਾਨ ਦਿੱਤਾ ਗਿਆ। ਦੀਪਾ ਨੇ ਇਸ ਸੰਗ੍ਰਹਿ ਦਾ ਅਨੁਵਾਦ ਕੰਨੜ ਤੋਂ ਅੰਗਰੇਜ਼ੀ ਵਿਚ ਕੀਤਾ ਹੈ। ਇਸ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮੱਈਆ ਨੇ ਬਾਨੂ ਮੁਸ਼ਤਾਕ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ ਹੈ।
‘Heart Lamp’ ਵਿਚ 12 ਕਹਾਣੀਆਂ ਦਾ ਸੰੰਗ੍ਰਹਿ ਹੈ, ਜੋ ਦੱਖਣੀ ਭਾਰਤ ਦੇ ਪਿਤਰਸੱਤਾਵਾਦੀ ਸਮਾਜ ਵਿਚ ਰਹਿਣ ਵਾਲੀਆਂ ਸਧਾਰਨ ਮਹਿਲਾਵਾਂ ਦੇ ਸੰਘਰਸ਼, ਸਹਿਣਸ਼ਕਤੀ, ਵਿਦਰੋਹ ਤੇ ਭੈਣ ਭਰਾਵਾਂ ਦੀਆਂ ਕਹਾਣੀਆਂ ਬਿਆਨ ਕਰਦਾ ਹੈ। ਤਿੰਨ ਦਹਾਕਿਆਂ (1990-2023) ਵਿਚ ਲਿਖੀਆਂ ਗਈਆਂ ਇਨ੍ਹਾਂ ਕਹਾਣੀਆਂ ਨੂੰ ਦੀਪਾ ਭਾਸਤੀ ਨੇ ਖ਼ੁਦ ਚੁਣਿਆ ਤੇ ਅਨੁਵਾਦ ਵਿਚ ਖੇਤਰੀ ਭਾਸ਼ਾਵਾਂ ਦੀ ਵੰਨ ਸੁਵੰਨਤਾ ਨੂੰ ਬਰਕਰਾਰ ਰੱਖਿਆ। ਸੰਵਾਦਾਂ ਵਿਚ ਢੁਕਵੇਂ ਉਰਦੂ ਤੇ ਅਰਬੀ ਸ਼ਬਦਾਂ ਨੂੰ ਮੂਲ ਰੂਪ ਵਿਚ ਪੇਸ਼ ਕੀਤਾ ਗਿਆ ਹੈ।
ਬਾਨੂ ਮੁਸ਼ਤਾਕ ਨੇ ਪੁਰਸਕਾਰ ਸਵੀਕਾਰ ਕਰਦੇ ਹੋਏ ਕਿਹਾ, ‘‘ਇਹ ਪੁਰਸਕਾਰ ਵੰਨ ਸੁਵੰਨਤਾ ਦੀ ਜਿੱਤ ਹੈ। ਹਰੇਕ ਕਹਾਣੀ ਅਹਿਮ ਹੈ ਤੇ ਸਾਹਿਤ ਸਾਨੂੰ ਇਕ ਦੂਜੇ ਦੇ ਜੀਵਨ ਵਿਚ ਉਤਰਨ ਦਾ ਮੌਕਾ ਦਿੰਦਾ ਹੈ।’’ ਦੀਪਾ ਭਾਸਤੀ ਨੇ ਇਸ ਨੂੰ ਆਪਣੀ ‘ਸੁੰਦਰ ਭਾਸ਼ਾ’ ਲਈ ਜਿੱਤ ਦੱਸਿਆ। ਜੱਜਾਂ ਦੀ ਅਗਵਾਈ ਕਰ ਰਹੇ ਮੈਕਸ ਪੋਰਟਰ ਨੇ ਇਸ ਨੂੰ ‘ਇਨਕਲਾਬੀ ਅਨੁਵਾਦ’ ਕਿਹਾ, ਜਿਸ ਨੇ ਅੰਗਰੇਜ਼ੀ ਪਾਠਕਾਂ ਲਈ ਨਵਾਂ ਤਜਰਬਾ ਤੇ ਭਾਸ਼ਾਈ ਬਨਾਵਟ ਪੇਸ਼ ਕੀਤੀ।
ਇਹ ਪੁਰਸਕਾਰ ਹਾਰ ਸਾਲ ਮਈ ਤੇ ਅਪਰੈਲ ਦਰਮਿਆਨ ਯੂਕੇ ਜਾਂ ਆਇਰਲੈਂਡ ਵਿਚ ਪ੍ਰਕਾਸ਼ਿਤ ਕਿਸੇ ਵੀ ਭਾਸ਼ਾ ਤੋਂ ਅੰਗਰੇਜ਼ੀ ਵਿਚ ਅਨੁਵਾਦਤ ਸਰਵੋਤਮ ਗਲ਼ਪ ਨੂੰ ਦਿੱਤਾ ਜਾਂਦਾ ਹੈ। ਜੇਤੂ ਨੂੰ GBP 50,000 (ਕਰੀਬ 52 ਲੱਖ ਰੁਪਏ) ਦੀ ਰਾਸ਼ੀ ਦਿੱਤੀ ਜਾਂਦੀ ਹੈ, ਜੋ ਲੇਖਕ ਤੇ ਅਨੁਵਾਦਕ ਵਿਚ ਇਕਸਾਰ ਵੰਡੀ ਜਾਂਦੀ ਹੈ।
‘Heart Lamp’ ਤੋਂ ਪਹਿਲਾਂ ਸਿਰਫ਼ ਇਕ ਭਾਰਤੀ ਪੁਸਤਕ- ਗਿਤਾਂਜਲੀ ਸ੍ਰੀ ਦੀ ‘ਰੇਤ ਸਮਾਧੀ’ (ਅਨੁਵਾਦ: ਡੇਜ਼ੀ ਰੌਕਵੇਲ) ਨੂੰ 2022 ਵਿਚ ਇਹ ਸਨਮਾਨ ਮਿਲਿਆ ਸੀ। ਇਸ ਸਾਲ ਲਈ ਨਾਮਜ਼ਦ ਹੋਰਨਾਂ ਪੁਸਤਕਾਂ ਵਿਚ ਫਰੈਂਚ, ਜਪਾਨੀ, ਡੈਨਿਸ਼, ਇਤਾਲਵੀ ਭਾਸ਼ਾਵਾਂ ਦੀਆਂ ਰਚਨਾਵਾਂ ਦੀ ਸ਼ਾਮਲ ਸਨ, ਜਿਨ੍ਹਾਂ ਦੇ ਲੇਖਕਾਂ ਤੇ ਅਨੁਵਾਦਕਾਂ ਨੂੰ GBP 5,000 ਦੀ ਰਾਸ਼ੀ ਦਿੱਤੀ ਗਈ ਹੈ।