ਇੰਫਾਲ : ਸੁਰੱਖਿਆ ਬਲਾਂ ਨੇ ਮਨੀਪੁਰ ਵਿਚ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ ਛੇ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਪਾਬੰਦੀਸ਼ੁਦਾ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਤਿੰਨ ਮੈਂਬਰਾਂ ਨੂੰ ਕਾਕਚਿੰਗ ਜ਼ਿਲ੍ਹੇ ਦੇ ਲੈਂਗਮੇਇਡੋਂਗ, ਏਲਾਂਗਖਾਂਗਪੋਕਪੀ ਅਤੇ ਕਾਕਚਿੰਗ ਨਿੰਗਥੋਉ ਪਰੇਂਗ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੁਰੱਖਿਆ ਬਲਾਂ ਨੇ ਥੌਬਲ ਦੇ ਲੈਂਗਥਾਬਲ ਖੁਨੂ ਤੋਂ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਤਾਈਬੰਗਨਬਾ) ਦੇ ਇਕ ਸਰਗਰਮ ਕੈਡਰ, ਇੰਫਾਲ ਪੂਰਬ ਦੇ ਸਾਓਮਬੰਗ ਖੇਤਰ ਤੋਂ ਗੈਰਕਾਨੂੰਨੀ ਕੇਸੀਪੀ (ਅਪੁਨਬਾ) ਸਮੂਹ ਦੇ ਮੈਂਬਰ ਅਤੇ ਇੰਫਾਲ ਪੱਛਮੀ ਦੇ ਲਾਮਲੋਂਗਈ ਸਬਲ ਲੀਕਾਈ ਤੋਂ ਕੇਸੀਪੀ-ਪੀਐਸਸੀ (ਪੋਲਿਟ ਬਿਊਰੋ ਸਟੈਂਡਿੰਗ ਕਮੇਟੀ) ਦੇ ਇਕ ਕੈਡਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਸੋਮਵਾਰ ਅਤੇ ਮੰਗਲਵਾਰ ਨੂੰ ਕੀਤੀਆਂ ਗਈਆਂ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਕਬਜ਼ੇ ਵਿੱਚੋਂ ਪਿਸਤੌਲ, ਰਾਈਫਲਾਂ ਅਤੇ ਬੰਬਾਂ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।