ਖੈ਼ਬਰ ਪਖ਼ਤੂਨਖਵਾ ’ਚ ਡਰੋਨ ਹਮਲੇ ’ਚ ਚਾਰ ਬੱਚੇ ਹਲਾਕ

ਪਿਸ਼ਾਵਰ : ਪਾਕਿਸਤਾਨ ਦੇ ਖੈ਼ਬਰ ਪਖਤੂਨਖਵਾ ਸੂਬੇ ’ਚ ਇਕ ਸ਼ੱਕੀ ਡਰੋਨ ਹਮਲੇ ’ਚ ਇੱਕੋ ਪਰਿਵਾਰ ਦੇ ਚਾਰ ਬੱਚਿਆਂ ਦੀ ਮੌਤ ਹੋ ਗਈ ਤੇ ਪੰਜ ਵਿਅਕਤੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਸੋਮਵਾਰ ਨੂੰ ਉੱਤਰੀ ਵਜ਼ੀਰਿਸਤਾਨ ਦੇ ਮੀਰ ਅਲੀ ਇਲਾਕੇ ’ਚ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਝੜਪ ਦੌਰਾਨ ਵਾਪਰੀ।

ਉਨ੍ਹਾਂ ਕਿਹਾ ਕਿ ਸ਼ੱਕੀ ਕੁਆਡਕਾਪਟਰ ਨੇ ਦਿਨ ਸਮੇਂ ਹਰਮੁਜ਼ ਪਿੰਡ ’ਚ ਇੱਕ ਘਰ ’ਤੇ ਬੰਬ ਸੁੱਟਿਆ। ਘਟਨਾ ’ਚ ਇਕੋ ਪਰਿਵਾਰ ਦੇ ਚਾਰ ਬੱਚੇ ਮਾਰੇ ਗਏ ਤੇ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਹਾਲਾਂਕਿ ਤੁਰੰਤ ਇਹ ਸ਼ਪੱਸ਼ਟ ਨਹੀਂ ਹੋ ਸਕਿਆ ਸੋਮਵਾਰ ਨੂੰ ਮੀਰ ਅਲੀ ਇਲਾਕੇ ਜਿਸ ਨੂੰ ਪਾਕਿਸਤਾਨੀ ਤਾਲਿਬਾਨ ਦਾ ਗੜ੍ਹ ਮੰਨਿਆ ਜਾਂਦਾ ਹੈ, ਵਿੱਚ ਹੋਏ ਹਮਲੇ ਪਿੱਛੇ ਕਿਸ ਦਾ ਹੱਥ ਹੈ ਅਤੇ ਇਸ ਹਮਲੇ ਸਬੰਧੀ ਫੌਜ ਵੱਲੋਂ ਕੋਈ ਟਿੱਪਣੀ ਨਹੀਂ ਗਈ ਹੈ। ‘ਡਾਅਨ ਅਖਬਾਰ’ ਦੀ ਖ਼ਬਰ ਮੁਤਾਬਕ ਹਜ਼ਾਰਾਂ ਦੀ ਗਿਣਤੀ ’ਚ ਸਥਾਨਕ ਲੋਕਾਂ ਨੇ ਮੀਰ ਅਲੀ ਚੌਕ ’ਚ ਬੱਚਿਆਂ ਦੀਆਂ ਲਾਸ਼ਾਂ ਸੜਕ ’ਤੇ ਰੱਖ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਦਿਆਂ ਨਿਆਂ ਦੀ ਮੰਗ ਕੀਤੀ। ਸਥਾਨਕ ਕਬਾਇਲੀ ਬਜ਼ੁਰਗ ਮੁਫ਼ਤੀ ਬੈਤੁੱਲ੍ਹਾ ਨੇ ਕਿਹਾ, ‘‘ਅਸੀਂ ਕਿਸੇ ’ਤੇ ਦੋਸ਼ ਨਹੀਂ ਲਾ ਰਹੇ ਹਾਂ ਪਰ ਅਸੀਂ ਇਨਸਾਫ਼ ਚਾਹੁੰਦੇ ਹਾਂ ਤੇ ਸਰਕਾਰ ਇਹ ਦੱਸੇ ਕਿ ਸਾਡੇ ਬੱਚਿਆਂ ਨੂੰ ਕਿਸ ਨੇ ਮਾਰਿਆ ਹੈ।’’ ਉਨ੍ਹਾਂ ਚਿਤਾਵਨੀ ਦਿੱਤੀ ਕਿ ਜਵਾਬ ਨਾ ਦੇਣ ’ਤੇ ਪ੍ਰਦਰਸ਼ਨ ਤੇਜ਼ ਕਰਾਂਗੇ। ਇਸੇ ਦੌਰਾਨ ਖੈਬਰ ਪਖਤੂਨਖਵਾ ਦੇ ਰਾਹਤ ਮੰਤਰੀ ਐੈੱਚ.ਐੱਨ. ਮੁਹੰਮਦ ਡਾਵਰ ਨੇ ਹਮਲੇ ’ਚ ਮੌਤਾਂ ਦੀ ਅੱਜ ਨਿਖੇਧੀ ਕੀਤੀ ਹੈ।

Share: