ਮਾਲੇ : ਭਾਰਤ ਨੇ ਮਾਲਦੀਵ ਨਾਲ 13 ਸਮਝੌਤੇ ਸਹੀਬੱਧ ਕੀਤੇ ਹਨ। ਇਨ੍ਹਾਂ ਵਿੱਚ 10 ਕਰੋੜ ਮਾਲਦੀਵ ਰੁਪਏ ਦੀ ਗਰਾਂਟ ਨਾਲ ਮਾਲਦੀਵ ਵਿੱਚ ਕਿਸ਼ਤੀ ਸੇਵਾਵਾਂ ਵਧਾਉਣ, ਸਮੁੰਦਰੀ ਸੰਪਰਕ ਦਾ ਵਿਸਥਾਰ ਕਰਨ ਅਤੇ ਲੋਕਾਂ ਲਈ ਰੋਜ਼ੀ-ਰੋਟੀ ਦੇ ਸਰੋਤ ਵਧਾਉਣ ਵਾਲੇ ਪ੍ਰਾਜੈਕਟ ਸ਼ਾਮਲ ਹਨ। ਇਨ੍ਹਾਂ ਸਮਝੌਤਿਆਂ (ਐੱਮਓਯੂਜ਼) ’ਤੇ ਐਤਵਾਰ ਨੂੰ ਦਸਤਖ਼ਤ ਕੀਤੇ ਗਏ ਜੋ ਭਾਰਤੀ ਗਰਾਂਟ ਸਹਾਇਤਾ ਯੋਜਨਾ- ਉੱਚ ਪ੍ਰਭਾਵ ਕਮਿਊਨਿਟੀ ਵਿਕਾਸ ਪ੍ਰਾਜੈਕਟ (ਐੱਚਆਈਸੀਡੀਪੀ) ਗੇੜ-3 ਤਹਿਤ ਲਾਗੂ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਲਈ ਹਨ। ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਦਸਤਖ਼ਤ ਸਮਾਰੋਹ ਵਿਦੇਸ਼ ਮੰਤਰਾਲੇ ਵਿੱਚ ਹੋਇਆ, ਜੋ ਦੋਵੇਂ ਦੇਸ਼ਾਂ ਵਿਚਾਲੇ ਲਗਾਤਾਰ ਮਜ਼ਬੂਤ ਹੁੰਦੀ ਸਾਂਝੇਦਾਰੀ ਵਿੱਚ ਇਕ ਹੋਰ ਮੀਲ ਪੱਥਰ ਹੈ। ਇਸ ਗੇੜ ਤਹਿਤ ਸ਼ੁਰੂ ਕੀਤੇ ਗਏ 13 ਪ੍ਰਾਜੈਕਟਾਂ ਦੀ ਕੁੱਲ ਗਰਾਂਟ ਰਾਸ਼ੀ 10 ਕਰੋੜ ਮਾਲਦੀਵ ਰੁਪਏ (ਲਗਪਗ 55 ਕਰੋੜ ਭਾਰਤੀ ਰੁਪਏ) ਹੈ। ਮਾਲਦੀਵ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੇ ‘ਐੱਕਸ’ ਉੱਤੇ ਪੋਸਟ ਕੀਤਾ, ‘‘ਭਾਰਤ ਅਤੇ ਮਾਲਦੀਵ ਨੇ 18 ਮਈ ਨੂੰ ਐੱਚਆਈਸੀਡੀਪੀ ਤਹਿਤ 10 ਕਰੋੜ ਮਾਲਦੀਵ ਰੁਪਏ ਦੀ ਗਰਾਂਟ ਦੇ ਨਾਲ ਮਾਲਦੀਵ ਵਿੱਚ ਕਿਸ਼ਤੀ ਸੇਵਾਵਾਂ ਨੂੰ ਵਧਾਉਣ ਲਈ 13 ਸਮਝੌਤਿਆਂ (ਐੱਮਓਯੂਜ਼) ’ਤੇ ਦਸਤਖ਼ਤ ਕੀਤੇ। ਭਾਰਤ, ਮਾਲਦੀਵ ਦੇ ਲੋਕਾਂ ਲਈ ਸੁਮੰਦਰੀ ਸੰਪਰਕ ਵਧਾਉਣ ਵਾਸਤੇ ਮਾਲਦੀਵ ਸਰਕਾਰ ਨਾਲ ਸਾਂਝੇਦਾਰੀ ਕਰ ਕੇ ਖੁਸ਼ ਹੈ।’’ ਮਾਲਦੀਵ ਸਰਕਾਰ ਵੱਲੋਂ ਵਿਦੇਸ਼ ਮੰਤਰੀ ਅਬਦੁੱਲ੍ਹਾ ਖਲੀਲ ਅਤੇ ਮਾਲਦੀਵ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਜੀ ਬਾਲਾਸੁਬਰਾਮਨੀਅਨ ਨੇ ਐੱਮਓਯੂਜ਼ ’ਤੇ ਦਸਤਖ਼ਤ ਕੀਤੇ।
Posted inNews
ਭਾਰਤ ਨੇ ਮਾਲਦੀਵ ਨਾਲ 13 ਸਮਝੌਤੇ ਸਹੀਬੱਧ ਕੀਤੇ
