ਸਰਬ-ਪਾਰਟੀ ਵਫ਼ਦ: ਕਾਂਗਰਸ ਦੇ ਇਤਰਾਜ਼ ’ਤੇ ਥਰੂਰ ਚੁੱਪ

ਸਰਬ-ਪਾਰਟੀ ਵਫ਼ਦ: ਕਾਂਗਰਸ ਦੇ ਇਤਰਾਜ਼ ’ਤੇ ਥਰੂਰ ਚੁੱਪ

ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ‘ਅਪਰੇਸ਼ਨ ਸਿੰਧੂਰ’ ਤੋਂ ਬਾਅਦ ਵਿਦੇਸ਼ ਜਾਣ ਵਾਲੇ ਸਰਬ-ਪਾਰਟੀ ਵਫ਼ਦਾਂ ਬਾਰੇ ਉਨ੍ਹਾਂ ਦੀ ਪਾਰਟੀ ਸਣੇ ਕੁਝ ਵਿਰੋਧੀ ਪਾਰਟੀਆਂ ਵੱਲੋਂ ਇਤਰਾਜ਼ ਦਾਇਰ ਕੀਤੇ ਜਾਣ ਨੂੰ ਲੈ ਕੇ ਅੱਜ ਕਿਹਾ ਕਿ ਉਹ ਇਸ ਮੁੱਦੇ ’ਤੇ ਕੁੱਝ ਨਹੀਂ ਕਹਿਣਾ ਚਾਹੁੰਦਾ। ਸੰਸਦ ਦੀ ਵਿਦੇਸ਼ ਮਾਮਲਿਆਂ ਦੀ ਸਥਾਈ ਕਮੇਟੀ ਦੇ ਪ੍ਰਧਾਨ ਨੇ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਂ ਇਸ ਵਿਸ਼ੇ ’ਤੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ।’’ ਉਨ੍ਹਾਂ ਨੂੰ ਵਫ਼ਦਾਂ ਵਿੱਚ ਸ਼ਾਮਲ ਨਾਵਾਂ ਨੂੰ ਲੈ ਕੇ ਕਾਂਗਰਸ ਦੇ ਇਤਰਾਜ਼ਾਂ ਬਾਰੇ ਸਵਾਲ ਕੀਤਾ ਗਿਆ ਸੀ। ਸਥਾਈ ਕਮੇਟੀ ਦੀ ਮੀਟਿੰਗ ਵਿੱਚ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ 22 ਅਪਰੈਲ ਦੇ ਪਹਿਲਗਾਮ ਹਮਲੇ ਤੋਂ ਬਾਅਦ ਹੋਏ ਭਾਰਤ-ਪਾਕਿਸਤਾਨ ਫੌਜੀ ਸੰਘਰਸ਼ ਬਾਰੇ ਜਾਣਕਾਰੀ ਦਿੱਤੀ।

ਥਰੂਰ ਨੂੰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਸੱਤ ਸਰਬ-ਪਾਰਟੀ ਵਫ਼ਦਾਂ ਵਿੱਚੋਂ ਇਕ ਦੀ ਅਗਵਾਈ ਕਰਨ ਲਈ ਚੁਣਿਆ ਗਿਆ ਹੈ। ਤ੍ਰਿਣਮੂਲ ਕਾਂਗਰਸ ਨੇ ਵਿਦੇਸ਼ ਜਾਣ ਲਈ ਚੁਣੇ ਆਗੂਆਂ ਵਿੱਚ ਸ਼ਾਮਲ ਉਸ ਦੇ ਇਕਮਾਤਰ ਨੁਮਾਇੰਦੇ ਯੂਸੁਫ ਪਠਾਨ ਨੂੰ ਵਫ਼ਦ ਤੋਂ ਬਾਹਰ ਰਹਿਣ ਲਈ ਕਿਹਾ ਹੈ। ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦਾ ਦੋਸ਼ ਹੈ ਕਿ ਵਫ਼ਦਾਂ ਲਈ ਉਨ੍ਹਾਂ ਦੇ ਆਗੂਆਂ ਦੀ ਚੋਣ ਨੂੰ ਲੈ ਕੇ ਉਨ੍ਹਾਂ ਦੀ ਲੀਡਰਸ਼ਿਪ ਦੀ ਸਹਿਮਤੀ ਨਹੀਂ ਲਈ ਗਈ ਹੈ।

Share: