ਨਵੀਂ ਦਿੱਲੀ : ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਰਾਜਸਥਾਨ ਦੀਆਂ ਕਿਸਾਨ ਜਥੇਬੰਦੀਆਂ ਨੇ ਸਿੰਧ ਜਲ ਸੰਧੀ ਮੁਅੱਤਲ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਹਮਾਇਤ ਕੀਤੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਇਥੇ ਮੁਲਾਕਾਤ ਦੌਰਾਨ ਸੰਯੁਕਤ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ (ਗ਼ੈਰ-ਸਿਆਸੀ) ਦੇ ਨੁਮਾਇੰਦਿਆਂ ਅਤੇ ਹੋਰ ਕਿਸਾਨ ਆਗੂਆਂ ਨੇ ਸਰਕਾਰ ਦੇ ਇਸ ਕਦਮ ਨੂੰ ਇਤਿਹਾਸਕ ਫ਼ੈਸਲਾ ਕਰਾਰ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਕਿਸਾਨ ਇਸ ਮੁੱਦੇ ’ਤੇ ਸਰਕਾਰ ਨਾਲ ਡਟ ਕੇ ਖੜ੍ਹੇ ਹਨ। ਚੌਹਾਨ ਨੇ ਕਿਹਾ ਕਿ ਸੰਧੀ ’ਤੇ ਰੋਕ ਦੇਸ਼ ਅਤੇ ਕਿਸਾਨਾਂ ਦੇ ਹਿੱਤ ’ਚ ਹੈ। ਉਨ੍ਹਾਂ ਕਿਹਾ ਕਿ ਸਿੰਧ ਦਰਿਆ ਦੇ ਪਾਣੀ ਦੀ ਖੇਤੀ ਅਤੇ ਹੋਰ ਮਕਸਦਾਂ ਲਈ ਵਰਤੋਂ ਬਾਰੇ ਵਿਆਪਕ ਯੋਜਨਾ ਉਲੀਕੀ ਜਾਵੇਗੀ। ਸੰਧੀ ’ਤੇ ਦਸਤਖ਼ਤ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀ ਆਲੋਚਨਾ ਕਰਦਿਆਂ ਚੌਹਾਨ ਨੇ ਕਿਹਾ, ‘‘ਉਸ ਸਮੇਂ ਨਹਿਰੂ ਨੇ ਪਾਕਿਸਤਾਨ ਨੂੰ ਨਾ ਸਿਰਫ਼ ਪਾਣੀ ਦਿੱਤਾ ਸਗੋਂ 83 ਕਰੋੜ ਰੁਪਏ ਦੇ ਫੰਡ ਵੀ ਦਿੱਤੇ ਸਨ।’’ ਇਸ ਦੌਰਾਨ ਚੌਹਾਨ ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ ਫੌਜ ਲਈ ਆਪਣਾ ਘਰ ਖਾਲੀ ਕਰਨ ਵਾਲੇ ਹੁਸੈਨੀਵਾਲਾ ਦੇ ਕਿਸਾਨ ਗੋਮਾ ਸਿੰਘ ਨੂੰ ਸਨਮਾਨਿਤ ਕੀਤਾ।
Posted inNews