ਥਲ ਸੈਨਾ ਮੁਖੀ ਜਨਰਲ ਦਿਵੇਦੀ ਵੱਲੋਂ ਲੌਂਗੇਵਾਲਾ ਦਾ ਦੌਰਾ

ਜੈਪੁਰ : ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਰਾਜਸਥਾਨ ਦੇ ਮੂਹਰਲੇ ਇਲਾਕੇ ਲੌਂਗੇਵਾਲਾ ਦਾ ਦੌਰਾ ਕੀਤਾ ਅਤੇ ਇੱਥੇ ਤਾਇਨਾਤ ਸੈਨਾ ਦੇ ਜਵਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ। ਉਨ੍ਹਾਂ ‘ਅਪਰੇਸ਼ਨ ਸਿੰਧੂਰ’ ਦੌਰਾਨ ਜਵਾਨਾਂ ਵੱਲੋਂ ਨਿਭਾਈ ਮਿਸਾਲੀ ਭੂਮਿਕਾ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਥਲ ਸੈਨਾ ਮੁਖੀ ਨੇ ਭਾਰਤੀ ਹਵਾਈ ਸੈਨਾ ਤੇ ਬੀਐੱਸਐੱਫ ਵੱਲੋਂ ਆਪਸੀ ਤਾਲਮੇਲ ਨਾਲ ਕੀਤੀਆਂ ਗਈਆਂ ਸਾਂਝੀਆਂ ਕਾਰਵਾਈਆਂ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਦੱਸਿਆ ਕਿ ‘ਅਪਰੇਸ਼ਨ ਸਿੰਧੂਰ’ ਦੌਰਾਨ ਭਾਰਤੀ ਥਲ ਸੈਨਾ, ਹਵਾਈ ਸੈਨਾ ਤੇ ਬੀਐੱਸਐੱਫ ਨੇ ਸਾਂਝੀ ਮੁਹਿੰਮ ਚਲਾ ਕੇ ਨਾ ਸਿਰਫ਼ ਦੁਸ਼ਮਣ ਨੂੰ ਮੂੰਹ-ਤੋੜ ਜਵਾਬ ਦਿੱਤਾ ਬਲਕਿ ਪੱਛਮੀ ਮੋਰਚੇ ’ਤੇ ਦਬਦਬਾ ਬਣਾਏ ਰੱਖਣ ਦੀ ਨਵੀਂ ਨੀਤੀ ਵੀ ਸਥਾਪਤ ਕੀਤੀ। ਕੋਨਾਰਕ ਕੋਰ ਦੇ ਸੈਨਿਕਾਂ ਨਾਲ ਗੱਲਬਾਤ ਦੌਰਾਨ ਥਲ ਸੈਨਾ ਮੁਖੀ ਨੇ ਕੌਮਾਂਤਰੀ ਸਰਹੱਦ ਦੀ ਰਾਖੀ ’ਚ ਉਨ੍ਹਾਂ ਦੀ ਬਹਾਦਰੀ, ਪ੍ਰਤੀਬੱਧਤਾ ਤੇ ਦ੍ਰਿੜ੍ਹ ਸੰਕਲਪ ਦੀ ਸ਼ਲਾਘਾ ਕੀਤੀ। ਉਨ੍ਹਾਂ ਭਾਰਤੀ ਸੈਨਾ ਦੇ ਜਵਾਨਾਂ ਨੂੰ ਕੌਮੀ ਪ੍ਰਭੂਸੱਤਾ ਦੀ ਰਾਖੀ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉੱਧਰ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਨੇ ਅੱਜ ਰਣਨੀਤਕ ਪੱਖੋਂ ਅਹਿਮ ਰਾਜਸਥਾਨ ਦੇ ਸੂਰਤਗੜ੍ਹ ਤੇ ਗੁਜਰਾਤ ਦੇ ਨਲੀਆ ਸਥਿਤ ਅਹਿਮ ਫੌਜੀ ਟਿਕਾਣਿਆਂ ਦਾ ਦੌਰਾ ਕਰਦਿਆਂ ਸੈਨਾ ਦੇ ਜਵਾਨਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। 

Share: