ਨਾਭਾ : ਇੱਥੋਂ ਦੇ ਪਿੰਡ ਮਲਕੋ ਦੇ 21 ਸਾਲਾ ਦਲਿਤ ਨੌਜਵਾਨ ਦੀ ਕੁੱਟਮਾਰ, ਕੇਸ ਕੱਟਣ ਅਤੇ ਮੂੰਹ ਕਾਲਾ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਘਟਨਾ ਐਤਵਾਰ ਦੀ ਹੈ ਜਿਥੇ ਇੱਕ ਨਾਬਾਲਗ ਲੜਕੀ ਨੂੰ ਮੈਸੇਜ ਕਰਨ ’ਤੇ ਸਬੰਧਤ ਨੌਜਵਾਨ ਨਾਲ ਅਜਿਹਾ ਕੀਤਾ ਗਿਆ। ਨਾਭਾ ਸਿਵਲ ਹਸਪਤਾਲ ਵਿੱਚ ਦਾਖਲ ਪੀੜਤ ਲੜਕੇ ਨੇ ਮੰਨਿਆ ਕਿ ਉਸ ਨੇ ਦੋਸਤੀ ਲਈ ਮੈਸੇਜ ਕੀਤਾ ਸੀ ਤੇ ਉਹ ਮੁਆਫ਼ੀ ਵੀ ਮੰਗਦਾ ਰਿਹਾ ਪਰ ਲੜਕੀ ਦੇ ਪਰਿਵਾਰ ਤੇ ਕੁਝ ਹੋਰ ਪਿੰਡ ਵਾਸੀਆਂ ਨੇ ਪੰਚਾਇਤ ਦੀ ਹਾਜ਼ਰੀ ਵਿੱਚ ਉਸ ਦੀ ਕੁੱਟਮਾਰ ਕੀਤੀ, ਕੇਸ ਕਤਲ ਕੀਤੇ ਤੇ ਮੂੰਹ ਕਾਲਾ ਕੀਤਾ। ਐੱਸਸੀ ਪਰਿਵਾਰ ਨਾਲ ਸਬੰਧਤ ਲੜਕੇ ਨੇ ਦੋ ਸਾਲ ਪਹਿਲਾਂ ਅੰਮ੍ਰਿਤ ਛਕਣ ਦਾ ਦਾਅਵਾ ਕਰਦੇ ਹੋਏ ਦੱਸਿਆ ਕਿ ਲੜਕੀ ਬੀਸੀ ਪਰਿਵਾਰ ਵਿੱਚੋਂ ਸੀ। ਪਿੰਡ ਦੇ ਸਰਪੰਚ ਸੁਖਚੈਨ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਉਸ ਦੇ ਕੇਸ ਕੱਟੇ ਜਾ ਰਹੇ ਸੀ। ਉਸ ਦੇ ਰੋਕਣ ਦੇ ਬਾਵਜੂਦ ਪਰਿਵਾਰ ਨਾ ਰੁਕਿਆ। ਪੁਲੀਸ ਦੇ ਕਹਿਣ ’ਤੇ ਉਹ ਦੋਵਾਂ ਧਿਰਾਂ ਨੂੰ ਚੌਕੀ ਲੈ ਗਿਆ। ਹਾਲਾਂਕਿ ਸਰਪੰਚ ਨੇ ਦਾਅਵਾ ਕੀਤਾ ਕਿ ਲੜਕੇ ਨੇ ਪਹਿਲਾਂ ਅੰਮ੍ਰਿਤ ਜ਼ਰੂਰ ਛਕਿਆ ਸੀ ਪਰ ਕੁਝ ਸਮਾਂ ਪਹਿਲਾਂ ਉਸ ਨੇ ਆਪ ਕੇਸ ਕਟਵਾ ਕੇ ਟੋਪੀ ਪਾਉਣੀ ਸ਼ੁਰੂ ਕਰ ਦਿੱਤੀ ਸੀ।
ਉਧਰ, ਨਾਭਾ ਸਦਰ ਐੱਸਐੱਚਓ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਮੁਢਲੀ ਪੜਤਾਲ ਅਨੁਸਾਰ ਲੜਕੀ ਦੇ ਪਰਿਵਾਰ ਨੇ ਸਬੰਧਤ ਲੜਕੇ ਨੂੰ ਉਸ ਦੇ ਕੰਮ ਵਾਲੀ ਥਾਂ ਕਾਲਾਝਾੜ, ਸੰਗਰੂਰ ਤੋਂ ਚੁੱਕਿਆ ਤੇ ਪਿੰਡ ਲਿਆ ਕੇ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ੀਰੋ ਐੱਫਆਈਆਰ ਦਰਜ ਕਰ ਰਹੇ ਹਾਂ ਤੇ ਕਾਨੂੰਨੀ ਸਲਾਹ ਅਨੁਸਾਰ ਕੇਸ ਜਿਸ ਥਾਣੇ ਵਿੱਚ ਬਣਦਾ ਹੋਵੇਗਾ, ਉਥੇ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।