ਅਹਿਮਦਾਬਾਦ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਦੇਸ਼ ਵਿੱਚ ਬਣੀਆਂ ਬ੍ਰਹਮੋਸ ਮਿਜ਼ਾਈਲਾਂ ਨੇ ਪਾਕਿਸਤਾਨ ਦੇ ਹਵਾਈ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਜਦਕਿ ਚੀਨ ਤੋਂ ਉਧਾਰ ਲਈ ਗਈ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਵਰਤੋਂ ਵਿੱਚ ਹੀ ਨਹੀਂ ਲਿਆਂਦੀ ਜਾ ਸਕੀ। ਉਨ੍ਹਾਂ ਕਿਹਾ ਕਿ ਅਪਰੇਸ਼ਨ ਸਿੰਧੂਰ ਨੇ ਦੁਨੀਆ ਅੱਗੇ ਪਾਕਿਸਤਾਨ ਦੇ ਅਤਿਵਾਦ ਬਾਰੇ ਝੂਠ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਜਿੱਥੇ ਪਹਿਲਾਂ ਸਰਜੀਕਲ ਸਟ੍ਰਾਈਕ ਅਤੇ ਹਵਾਈ ਹਮਲੇ ਮਕਬੂਜ਼ਾ ਕਸ਼ਮੀਰ ਤੱਕ ਸੀਮਿਤ ਸਨ, ਉੱਧਰ ਭਾਰਤ ਨੇ ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਦੀ ਸਰਹੱਦ ਪਾਰ ਕਰ ਕੇ 100 ਕਿਲੋਮੀਟਰ ਅੰਦਰ ਦਾਖ਼ਲ ਹੋ ਕੇ ਅਤਿਵਾਦੀਆਂ ਅਤੇ ਉਨ੍ਹਾਂ ਦੇ ਟਿਕਾਣਿਆਂ ਦਾ ਖਾਤਮਾ ਕੀਤਾ ਹੈ। ਉਨ੍ਹਾਂ ਕਿਹਾ, ‘‘ਸਾਡੀ ਹਵਾਈ ਫੌਜ ਨੇ ਸਟੀਕ ਹਮਲੇ ਕੀਤੇ ਅਤੇ ਪਾਕਿਸਤਾਨ ਦੀਆਂ ਕਈ ਅਜਿਹੀਆਂ ਥਾਵਾਂ ’ਤੇ ਭਾਰੀ ਨੁਕਸਾਨ ਕੀਤਾ ਜਿਨ੍ਹਾਂ ਬਾਰੇ ਇਹ ਮੰਨਿਆ ਜਾਂਦਾ ਸੀ ਕਿ ਇਨ੍ਹਾਂ ’ਤੇ ਨਿਸ਼ਾਨਾ ਨਹੀਂ ਸੇਧਿਆ ਜਾ ਸਕਦਾ। ਜਦੋਂ ਸਰਹੱਦਾਂ ਦੀ ਸੁਰੱਖਿਆ ਬਾਰੇ ਇਤਿਹਾਸ ਲਿਖਿਆ ਜਾਵੇਗਾ ਤਾਂ ਅਪਰੇਸ਼ਨ ਸਿੰਧੂਰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।’’ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, ‘‘ਪਾਕਿਸਤਾਨ ਸਾਰੀ ਦੁਨੀਆ ਨੂੰ ਦੱਸਦਾ ਸੀ ਕਿ ਉਨ੍ਹਾਂ ਵੱਲ ਕੋਈ ਅਤਿਵਾਦੀ ਗਤੀਵਿਧੀ ਨਹੀਂ ਹੁੰਦੀ ਹੈ ਅਤੇ ਭਾਰਤ ’ਤੇ ਝੂਠੀਆਂ ਸ਼ਿਕਾਇਤਾਂ ਕਰਨ ਦਾ ਦੋਸ਼ ਲਗਾਉਂਦਾ ਸੀ ਪਰ ਅਪਰੇਸ਼ਨ ਸਿੰਧੂਰ ਤਹਿਤ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕੀਤੇ ਜਾਣ ਨਾਲ ਪਾਕਿਸਤਾਨ ਦੁਨੀਆ ਸਾਹਮਣੇ ਬੇਨਕਾਬ ਹੋਇਆ।’’
Posted inNews
ਅਪਰੇਸ਼ਨ ਸਿੰਧੂਰ ਨੇ ਅਤਿਵਾਦ ਬਾਰੇ ਪਾਕਿ ਦਾ ਝੂਠ ਬੇਨਕਾਬ ਕੀਤਾ: ਸ਼ਾਹ
