ਨਵੀਂ ਦਿੱਲੀ : ਨਵੇਂ ਵਕਫ਼ ਕਾਨੂੰਨ ਨੂੰ ‘ਗ਼ੈਰਸੰਵਿਧਾਨਕ’ ਕਰਾਰ ਦਿੰਦਿਆਂ ਏਆਈਐੱਮਆਈਐੱਮ ਮੁਖੀ ਅਸਦ-ਉਦ-ਦੀਨ ਓਵਾਇਸੀ ਨੇ ਦੋਸ਼ ਲਾਇਆ ਕਿ ਇਸ ਦਾ ਉਦੇਸ਼ ਵਕਫ਼ ਸੰਪਤੀਆਂ ਨੂੰ ‘ਢਾਹ’ ਲਗਾਉਣਾ ਹੈ ਅਤੇ ਆਸ ਜਤਾਈ ਕਿ ਇਸ ਮਾਮਲੇ ’ਤੇ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਇਨਸਾਫ਼ ਮਿਲੇਗਾ। ਪੀਟੀਆਈ ਵੀਡੀਓਜ਼ ਨਾਲ ਇੰਟਰਵਿਊ ਦੌਰਾਨ ਓਵਾਇਸੀ ਨੇ ਵਕਫ਼ ਸੋਧ ਐਕਟ ਦੀ ਸ਼ਲਾਘਾ ਕਰਨ ਵਾਲਿਆਂ ਅਤੇ ਭਾਜਪਾ ਨੂੰ ਚੁਣੌਤੀ ਦਿੱਤੀ ਕਿ ਉਹ ਇਹ ਦੱਸਣ ਕਿ ਨਵੇਂ ਕਾਨੂੰਨ ਦੀਆਂ ਕਿਹੜੀਆਂ ਧਾਰਾਵਾਂ ਵਧੀਆ ਹਨ। ਵਕਫ਼ ਸੋਧ ਬਿੱਲ ਬਾਰੇ ਸੰਸਦ ਦੀ ਸਾਂਝੀ ਕਮੇਟੀ ਦੇ ਮੈਂਬਰ ਰਹੇ ਓਵਾਇਸੀ ਨੇ ਕਿਹਾ, ‘‘ਤੁਸੀਂ ਪਿਛਲੇ ਕਾਨੂੰਨ ਦੀਆਂ ਵਧੀਆ ਮੱਦਾਂ ਨੂੰ ਹਟਾ ਦਿੱਤਾ। ਤੁਸੀਂ ਮੈਨੂੰ ਦੱਸੋ ਕਿ ਨਵੇਂ ਕਾਨੂੰਨ ’ਚ ਕਿਹੜੀਆਂ ਧਾਰਾਵਾਂ ਵਧੀਆ ਹਨ। ਨਾ ਤਾਂ ਸਰਕਾਰ ਅਤੇ ਨਾ ਹੀ ਉਨ੍ਹਾਂ ਦੀ ਹਮਾਇਤ ਕਰ ਰਹੇ ਲੋਕ ਇਸ ਬਾਰੇ ਕੁਝ ਨਹੀਂ ਆਖਣਗੇ।’’
ਹੈਦਰਾਬਾਦ ਦੇ ਸੰਸਦ ਮੈਂਬਰ ਨੇ ਕਿਹਾ ਕਿ ਦਾਊਦੀ ਬੋਹਰਾ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਵਕਫ਼ ਕਾਨੂੰਨ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇ। ਵਕਫ਼ ਕਾਨੂੰਨ ਬਾਰੇ ਓਵਾਇਸੀ ਦੀ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਵਕਫ਼ ਐਕਟ, 2025 ਨੂੰ ਚੁਣੌਤੀ ਦੇਣ ’ਚ ਅੰਤਰਿਮ ਰਾਹਤ ਦੇ ਨੁਕਤਿਆਂ ਬਾਰੇ 20 ਮਈ ਨੂੰ ਸੁਣਵਾਈ ਕਰੇਗਾ।