ਕੇਰਲਾ ’ਚ ਕਾਂਗਰਸ ਨੇ ਥਰੂਰ ਵਿਵਾਦ ਤੋਂ ਪਾਸਾ ਵੱਟਿਆ

ਕੇਰਲਾ ’ਚ ਕਾਂਗਰਸ ਨੇ ਥਰੂਰ ਵਿਵਾਦ ਤੋਂ ਪਾਸਾ ਵੱਟਿਆ

ਕੋਚੀ : ਸੰਸਦ ਮੈਂਬਰ ਸ਼ਸ਼ੀ ਥਰੂਰ ਵੱਲੋਂ ਵਿਦੇਸ਼ ਜਾਣ ਵਾਲੇ ਬਹੁ-ਪਾਰਟੀ ਵਫ਼ਦਾਂ ’ਚੋਂ ਇਕ ਦੀ ਅਗਵਾਈ ਕਰਨ ਦੇ ਕੇਂਦਰ ਸਰਕਾਰ ਦੇ ਦਿੱਤੇ ਸੱਦੇ ਨੂੰ ਸਵੀਕਾਰ ਕੀਤੇ ਜਾਣ ਮਗਰੋਂ ਪੈਦਾ ਹੋਏ ਵਿਵਾਦ ਤੋਂ ਕਾਂਗਰਸ ਪਾਰਟੀ ਦੀ ਕੇਰਲਾ ਇਕਾਈ ਨੇ ਪਾਸਾ ਵੱਟ ਲਿਆ ਹੈ। ਪ੍ਰਦੇਸ਼ ਇਕਾਈ ਨੇ ਕਿਹਾ ਕਿ ਇਸ ਮਾਮਲੇ ’ਤੇ ਸਿਰਫ਼ ਪਾਰਟੀ ਹਾਈ ਕਮਾਂਡ ਹੀ ਕੋਈ ਟਿੱਪਣੀ ਕਰ ਸਕਦਾ ਹੈ। ਵਿਰੋਧੀ ਧਿਰ ਦੇ ਆਗੂ ਵੀਡੀ ਸਤੀਸ਼ਨ ਨੇ ਕਿਹਾ ਕਿ ਥਰੂਰ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਹਨ ਅਤੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਹੀ ਸਿਰਫ਼ ਇਸ ਮਾਮਲੇ ’ਤੇ ਆਪਣੀ ਰਾਏ ਪ੍ਰਗਟ ਕਰਨੀ ਚਾਹੀਦੀ ਹੈ। ਕਾਂਗਰਸ ਦੇ ਸੀਨੀਅਰ ਆਗੂ ਟੀ ਰਾਧਾਕ੍ਰਿਸ਼ਨਨ ਨੇ ਥਰੂਰ ਨੂੰ ਕਿਹਾ ਕਿ ਉਹ ਕਾਂਗਰਸ ਦੇ ਸੰਸਦ ਮੈਂਬਰ ਵਜੋਂ ਆਪਣੀ ਮੁੱਢਲੀ ਜ਼ਿੰਮੇਵਾਰੀ ਨੂੰ ਨਿਭਾਉਣ। ਉਨ੍ਹਾਂ ਕਿਹਾ ਕਿ ਥਰੂਰ ਨੂੰ ਪਾਰਟੀ ਦੀ ਇਜਾਜ਼ਤ ਲੈ ਕੇ ਵਿਦੇਸ਼ ਜਾਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਥਰੂਰ ਨੇ ਕੇਂਦਰ ਸਰਕਾਰ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ’ਚ ਕੋਈ ਸਿਆਸਤ ਨਜ਼ਰ ਨਹੀਂ ਆਉਂਦੀ ਹੈ। ਉਧਰ ਸੀਪੀਆਈ ਦੀ ਕੇਰਲਾ ਇਕਾਈ ਨੇ ਥਰੂਰ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਕਾਂਗਰਸ ’ਚ ‘ਸਲੀਪਰ ਸੈੱਲ’ (ਨਾਰਾਜ਼ ਆਗੂਆਂ ਦੇ ਗੁੱਟ) ਦਾ ਹਿੱਸਾ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਸੀਪੀਆਈ ਦੇ ਸਕੱਤਰ ਬਿਨੋਏ ਵਿਸਵਮ ਨੇ ‘ਐਕਸ’ ’ਤੇ ਭਾਜਪਾ ਉਪਰ ਵਰ੍ਹਦਿਆਂ ਕਿਹਾ ਕਿ ਉਹ ਅਤਿਵਾਦ ਖ਼ਿਲਾਫ਼ ਜੰਗ ਨੂੰ ਪਾਰਟੀ ਦੇ ਲਾਹੇ ਲਈ ਵਰਤ ਰਹੀ ਹੈ।

Share: