ਨਵੀਂ ਦਿੱਲੀ : ਭਾਰਤ ਵੱਲੋਂ ਕੁਝ ਬੰਗਲਾਦੇਸ਼ੀ ਵਸਤਾਂ ’ਤੇ ਲਾਈ ਗਈ ਪਾਬੰਦੀ ਨਾਲ ਘਰੇਲੂ ਰੈਡੀਮੇਡ ਕੱਪੜਾ ਸਨਅਤ, ਖਾਸ ਤੌਰ ’ਤੇ ਐੱਮਐੱਸਐੱਮਈ ਨੂੰ ਮੁਕਾਬਲੇਬਾਜ਼ੀ ਵਧਾਉਣ ’ਚ ਮਦਦ ਮਿਲੇਗੀ।
ਭਾਰਤ ਨੇ 17 ਮਈ ਨੂੰ ਬੰਗਲਾਦੇਸ਼ ਤੋਂ 77 ਕਰੋੜ ਡਾਲਰ ਦੇ ਸਾਮਾਨ ਦੀ ਦਰਾਮਦ ’ਤੇ ਪਾਬੰਦੀ ਲਗਾ ਦਿੱਤੀ ਸੀ ਜੋ ਦੁਵੱਲੀ ਦਰਾਮਦ ਦਾ ਤਕਰੀਬਨ 42 ਫੀਸਦ ਹਿੱਸਾ ਹੈ। ਕੱਪੜੇ, ਪ੍ਰੋਸੈਸਡ ਖੁਰਾਕੀ ਪਦਾਰਥ ਅਤੇ ਪਲਾਸਟਿਕ ਦੀਆਂ ਵਸਤਾਂ ਜਿਹੇ ਅਹਿਮ ਸਾਮਾਨ ਦੀ ਦਰਾਮਦ ਹੁਣ ਚੋਣਵੀਆਂ ਸਮੁੰਦਰੀ ਬੰਦਰਗਾਹਾਂ ਤੱਕ ਸੀਮਤ ਹੈ ਅਤੇ ਸੜਕੀ ਮਾਰਗਾਂ ਰਾਹੀਂ ਇਨ੍ਹਾਂ ’ਤੇ ਪੂਰੀ ਪਾਬੰਦੀ ਹੈ। ਕੁੱਲ 61.8 ਕਰੋੜ ਡਾਲਰ ਦੇ ਰੈਡੀਮੇਡ ਕੱਪੜੇ ਹੁਣ ਸਿਰਫ਼ ਦੋ ਭਾਰਤੀ ਬੰਦਰਗਾਹਾਂ ਰਾਹੀਂ ਆ ਰਹੇ ਹਨ। ਖੋਜ ਸੰਸਥਾ ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀਟੀਆਰਆਈ) ਨੇ ਕਿਹਾ, ‘ਭਾਰਤੀ ਕੱਪੜਾ ਕੰਪਨੀਆਂ ਨੇ ਲੰਮੇ ਸਮੇਂ ਤੋਂ ਬੰਗਲਾਦੇਸ਼ੀ ਦਰਾਮਦਕਾਰਾਂ ਨੂੰ ਮੁਕਾਬਲੇਬਾਜ਼ੀ ’ਚ ਮਿਲ ਰਹੇ ਲਾਹੇ ਦਾ ਵਿਰੋਧ ਕੀਤਾ ਹੈ ਜੋ ਟੈਕਸ ਮੁਕਤ ਚੀਨੀ ਕੱਪੜੇ ਤੋਂ ਲਾਭ ਹਾਸਲ ਕਰਦੇ ਹਨ ਅਤੇ ਇਨ੍ਹਾਂ ਨੂੰ ਭਾਰਤੀ ਬਾਜ਼ਾਰ ’ਚ 10-15 ਫੀਸਦ ਮੁੱਲ ਦਾ ਲਾਭ ਮਿਲਦਾ ਹੈ।’ ਜੀਟੀਆਰਆਈ ਦੇ ਬਾਨੀ ਅਜੈ ਸ੍ਰੀਵਾਸਤਵ ਨੇ ਕਿਹਾ ਕਿ ਬੰਦਰਗਾਹਾਂ ’ਤੇ ਪਾਬੰਦੀ ਨਾਲ ਕੱਪੜਾ ਖੇਤਰ ’ਚ ਭਾਰਤੀ ਐੱਮਐੱਸਐੱਮਈ ਨੂੰ ਮਦਦ ਮਿਲੇਗੀ। ਕੱਪੜਾ ਬਰਾਮਦ ਪ੍ਰਚਾਰ ਕੌਂਸਲ (ਏਈਪੀਸੀ) ਦੇ ਉਪ ਚੇਅਰਮੈਨ ਏ ਸ਼ਕਤੀਵੇਲ ਨੇ ਵੀ ਇਸੇ ਤਰ੍ਹਾਂ ਦੇ ਵਿਚਾਰ ਜ਼ਾਹਿਰ ਕਰਦਿਆਂ ਕਿਹਾ ਕਿ ਘਰੇਲੂ ਬਰਾਮਦਕਾਰਾਂ ਦੀ ਮੰਗ ਸੀ ਕਿ ਇਹ ਪਾਬੰਦੀ ਲਗਾਈ ਜਾਵੇ। ਉਨ੍ਹਾਂ ਕਿਹਾ, ‘ਭਾਰਤ ਸਰਕਾਰ ਵੱਲੋਂ ਲਿਆ ਗਿਆ ਇਹ ਚੰਗਾ ਫ਼ੈਸਲਾ ਹੈ। ਇਸ ਨਾਲ ਘਰੇਲੂ ਸਨਅਤ ਨੂੰ ਲਾਭ ਹੋਵੇਗਾ।’