ਨਵੀਂ ਦਿੱਲੀ : ਹਾਕੀ ਇੰਡੀਆ ਨੇ ਅਰਜਨਟੀਨਾ ਦੇ ਰੋਸਾਰੀਓ ਵਿਚ ਹੋਣ ਵਾਲੇ ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਲਈ 24 ਮੈਂਬਰੀ ਭਾਰਤੀ ਜੂਨੀਅਰ ਮਹਿਲਾ ਟੀਮ ਦਾ ਐਲਾਨ ਕੀਤਾ ਹੈ। ਟੀਮ ਦੀ ਗੋਲਕੀਪਰ ਨਿਧੀ ਨੂੰ ਕਪਤਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦੋਂ ਕਿ ਹਿਨਾ ਬਾਨੋ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ 25 ਮਈ ਤੋਂ 2 ਜੂਨ ਤੱਕ ਹੋਣ ਵਾਲੇ ਇਸ ਟੂਰਨਾਮੈਂਟ ਵਿਚ ਅਰਜਨਟੀਨਾ, ਉਰੂਗਵੇ, ਚਿਲੀ ਅਤੇ ਭਾਰਤ ਸ਼ਾਮਲ ਹੋਣਗੇ।
ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਦੇ ਕੋਚ ਤੁਸ਼ਾਰ ਖਾਂਡਕਰ ਨੇ ਇਕ ਰਿਲੀਜ਼ ਵਿਚ ਕਿਹਾ, ‘‘ਜੂਨੀਅਰ ਵਿਸ਼ਵ ਕੱਪ ’ਚ ਸਿਰਫ਼ ਛੇ ਮਹੀਨੇ ਬਾਕੀ ਹਨ, ਅਸੀਂ ਇਸ ਟੀਮ ਵਿੱਚੋਂ ਆਪਣੇ ਸਭ ਤੋਂ ਵਧੀਆ ਖਿਡਾਰੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੌਰੇ ਤੋਂ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਤੇ ਅਹਿਮ ਐਕਸਪੋਜ਼ਰ ਅਤੇ ਅਨੁਭਵ ਹਾਸਲ ਹੋਵੇਗਾ।