ਪਿੰਕੀ ਧਾਲੀਵਾਲ ਦੇ ਘਰ ’ਤੇ ਗੋਲੀਆਂ ਚਲਾਈਆਂ

ਪਿੰਕੀ ਧਾਲੀਵਾਲ ਦੇ ਘਰ ’ਤੇ ਗੋਲੀਆਂ ਚਲਾਈਆਂ

ਐੱਸਏਐੱਸ ਨਗਰ (ਮੁਹਾਲੀ) : ਮਿਊਜ਼ਿਕ ਕੰਪਨੀ ਦੇ ਨਿਰਮਾਤਾ ਪਿੰਕੀ ਧਾਲੀਵਾਲ ਤੋਂ ਗੈਂਗਸਟਰ ਵੱਲੋਂ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਸ੍ਰੀ ਧਾਲੀਵਾਲ ਨੂੰ ਡਰਾਉਣ ਲਈ ਇੱਥੋਂ ਦੇ ਸੈਕਟਰ-71 ਵਿੱਚ ਉਸ ਦੇ ਘਰ ’ਤੇ ਗੋਲੀਆਂ ਚਲਾਈਆਂ ਗਈਆਂ। ਘਟਨਾ ਲੰਘੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਸੂਚਨਾ ਮਿਲਦਿਆਂ ਹੀ ਐੱਸਐੱਸਪੀ ਹਰਮਨਦੀਪ ਸਿੰਘ ਹੰਸ, ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਤੇ ਮਟੌਰ ਥਾਣੇ ਦੇ ਐੱਸਐੱਚਓ ਕੁਲਵੰਤ ਸਿੰਘ ਵੀ ਘਟਨਾ ਸਥਾਨ ’ਤੇ ਪਹੁੰਚੇ। ਫੋਰੈਂਸਿਕ ਟੀਮ ਨੂੰ ਵੀ ਸੱਦਿਆ ਗਿਆ। ਸ੍ਰੀ ਧਾਲੀਵਾਲ ਗਾਇਕਾ ਸੁਨੰਦਾ ਸ਼ਰਮਾ ਨਾਲ ਕਥਿਤ ਧੋਖਾਧੜੀ ਮਾਮਲੇ ’ਚ ਚਰਚਾ ’ਚ ਆਏ ਸਨ। ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ 10 ਵਜੇ ਦੋ ਨੌਜਵਾਨ ਪੈਦਲ ਆਏ ਤੇ ਸ੍ਰੀ ਧਾਲੀਵਾਲ ਦੇ ਵਿਹੜੇ ਵਿੱਚ ਇੱਕ ਚਿੱਠੀ ਸੁੱਟ ਗਏ। ਇਸ ਵਿੱਚ ਧਾਲੀਵਾਲ ਤੋਂ ਫਿਰੌਤੀ ਮੰਗੀ ਗਈ ਸੀ। ਥੋੜ੍ਹੀ ਦੇਰ ਬਾਅਦ ਯੂਪੀ ਨੰਬਰ ਦੇ ਮੋਟਰਸਾਈਕਲ ਸਵਾਰਾਂ ਨੇ ਸੜਕ ’ਤੇ ਰੁਕ ਕੇ ਪਿੰਕੀ ਧਾਲੀਵਾਲ ਦੇ ਘਰ ’ਤੇ ਕਰੀਬ 10 ਗੋਲੀਆਂ ਚਲਾਈਆਂ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਸ੍ਰੀ ਧਾਲੀਵਾਲ ਘਰ ’ਚ ਮੌਜੂਦ ਨਹੀਂ ਸਨ। ਜਾਣਕਾਰੀ ਅਨੁਸਾਰ ਗੈਂਗਸਟਰ ਕਾਲਾ ਰਾਣਾ ਨੇ ਸ੍ਰੀ ਧਾਲੀਵਾਲ ਤੋਂ ਫਿਰੌਤੀ ਮੰਗੀ ਹੈ। ਗੈਂਗਸਟਰ ਕਾਲਾ ਰਾਣਾ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ। ਜਾਣਕਾਰੀ ਮਿਲੀ ਹੈ ਕਿ ਪੁਲੀਸ ਨੇ ਦੋ ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਹੈ ਤੇ ਯੂਪੀ ਨੰਬਰ ਦਾ ਮੋਟਰਸਾਈਕਲ ਵੀ ਕਬਜ਼ੇ ਵਿੱਚ ਲਿਆ ਹੈ। ਮੋਟਰਸਾਈਕਲ ’ਤੇ ਲੱਗਿਆ ਨੰਬਰ ਜਾਅਲੀ ਹੈ। ਸ੍ਰੀ ਧਾਲੀਵਾਲ ਦੇ ਘਰ ’ਤੇ ਗੋਲੀਆਂ ਕਾਲਾ ਰਾਣਾ ਦੇ ਭਰਾ ਟੋਨੀ ਰਾਣਾ ਨੇ ਆਪਣੇ ਸਾਥੀ ਨਾਲ ਮਿਲ ਕੇ ਚਲਾਈਆਂ ਸਨ। ਪਤਾ ਲੱਗਾ ਹੈ ਕਿ ਦੋ ਦਿਨ ਪਹਿਲਾਂ ਵੀ ਪਿੰਕੀ ਧਾਲੀਵਾਲ ਨੂੰ ਪੈਸੇ ਤਿਆਰ ਰੱਖਣ ਲਈ ਕਿਹਾ ਗਿਆ ਸੀ।

Share: