ਕੈਨੇਡਾ ਵਿਚ ਪੰਜਾਬਣ ਦੇ ਕਾਤਲ ਨੂੰ 15 ਸਾਲ ਦੀ ਸਜ਼ਾ

ਕੈਨੇਡਾ ਵਿਚ ਪੰਜਾਬਣ ਦੇ ਕਾਤਲ ਨੂੰ 15 ਸਾਲ ਦੀ ਸਜ਼ਾ

ਵਿਨੀਪੈਗ : ਕੈਨੇਡਾ ਵਿੱਚ ਇੱਕ ਪੰਜਾਬਣ ਦੇ ਕਾਤਲ ਨੂੰ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਰਮਨਦੀਪ ਕੌਰ(24), ਜੋ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਓਕਾਨਾਗਨ ਕੈਂਪਸ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦੀ ਸੀ, ਉੱਤੇ 26 ਫਰਵਰੀ 2022 ਨੂੰ ਹਮਲਾ ਹੋਇਆ ਅਤੇ ਅਗਲੇ ਦਿਨ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਹਮਲੇ ਦੌਰਾਨ ਹਰਮਨਦੀਪ ਕੌਰ ’ਤੇ ਇੰਨੇ ਕੁ ਵਾਰ ਕੀਤੇ ਗਏ ਕਿ ਉਸ ਨੂੰ ਬਚਾਇਆ ਨਾ ਜਾ ਸਕਿਆ। ਇਹ ਹਿੰਸਕ ਘਟਨਾ 10 ਮਿੰਟਾਂ ਤੋਂ ਵੱਧ ਸਮੇਂ ਤੱਕ ਚੱਲੀ, ਜਿਸ ਦੌਰਾਨ ਹਮਲਾਵਰ ਨੇ ਹਰਮਨਦੀਪ ਕੌਰ ਦੇ ਸਿਰ ’ਤੇ ਵਾਰ ਕੀਤੇ ਅਤੇ ਅਣਗਿਣਤ ਥੱਪੜ ਮਾਰੇ। ਹਰਮਨਦੀਪ ਕੌਰ 2015 ਵਿੱਚ ਪੰਜਾਬ ਤੋਂ ਕੈਨੇਡਾ ਆਈ ਸੀ ਅਤੇ ਇੱਕ ਪੈਰਾਮੈਡੀਕਲ ਬਣਨ ਦਾ ਸੁਪਨਾ ਰੱਖਦੀ ਸੀ। ਉਸ ਨੇ ਕਾਲਜ ਦੀ ਫ਼ੀਸ ਜਮ੍ਹਾਂ ਕਰਨ ਲਈ ਸੁਰੱਖਿਆ ਗਾਰਡ ਦੀ ਨੌਕਰੀ ਸ਼ੁਰੂ ਕੀਤੀ ਸੀ। ਫਰਵਰੀ 2022 ਵਿੱਚ, ਉਸ ਦੀ ਮੌਤ ਤੋਂ ਕੁਝ ਹਫ਼ਤੇ ਪਹਿਲਾਂ, ਹਰਮਨਦੀਪ ਕੌਰ ਨੂੰ ਕੈਨੇਡਾ ਦੀ ਪੀਆਰ (ਸਥਾਈ ਨਿਵਾਸੀ) ਦੀ ਮਨਜ਼ੂਰੀ ਮਿਲੀ ਸੀ।

ਹਮਲਾਵਰ ਡਾਂਟੇ ਓਗਨੀਬੇਨ ਹੇਬਰਨ(24) ਨੂੰ ਸਜ਼ਾ ਸੁਣਾਏ ਜਾਣ ਵੇਲੇ ਹਰਮਨਦੀਪ ਕੌਰ ਦਾ ਪਰਿਵਾਰ ਅਦਾਲਤ ਵਿੱਚ ਮੌਜੂਦ ਸੀ। ਹਰਮਨਦੀਪ ਦੀ ਮਾਂ ਨੇ ਅਦਾਲਤ ਵਿੱਚ ਆਪਣਾ ਬਿਆਨ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਸ ਦੀ ਧੀ ਨੇ ਸੁਪਨਿਆਂ ਨਾਲ ਕੈਨੇਡਾ ਦਾ ਰੁੱਖ ਕੀਤਾ ਸੀ। ਉਹ ਨਾ ਸਿਰਫ਼ ਆਪਣੇ ਲਈ, ਸਗੋਂ ਪੂਰੇ ਪਰਿਵਾਰ ਨੂੰ ਕੈਨੇਡਾ ਲਿਆਉਣਾ ਚਾਹੁੰਦੀ ਸੀ। ਉਸ ਦੀ ਦੁਖੀ ਮਾਂ ਨੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਅਪੀਲ ਕੀਤੀ, ਤਾਂ ਜੋ ਭਵਿੱਖ ਵਿੱਚ ਕੋਈ ਹੋਰ ਪਰਿਵਾਰ ਅਜਿਹੇ ਦੁੱਖ ਨਾ ਝੱਲੇ।

ਸੁਣਵਾਈ ਦੌਰਾਨ ਕੌਰ ਦੇ ਪਰਿਵਾਰ ਦੇ ਕਈ ਮੈਂਬਰ ਕੋਰਟ ਰੂਮ ਗੈਲਰੀ ਵਿਚ ਮੌਜੂਦ ਸਨ, ਜਿਨ੍ਹਾਂ ਵਿਚ ਉਸ ਦੀ ਮਾਂ ਅਤੇ ਹੋਰ ਸ਼ਾਮਲ ਸਨ ਜੋ ਅਦਾਲਤੀ ਕਾਰਵਾਈ ਲਈ ਭਾਰਤ ਤੋਂ ਆਏ ਸਨ। ਸੁਣਵਾਈ ਤੋਂ ਬਾਅਦ ਕੌਰ ਦੇ ਚਚੇਰੇ ਭਰਾ ਅੰਮ੍ਰਿਤ ਪਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸਜ਼ਾ ਸੁਣਾਏ ਜਾਣ ਤੋਂ ਨਿਰਾਸ਼ ਹੈ।

Share: