ਭਾਰਤੀ ਮੂਲ ਦੇ ਇੰਜਨੀਅਰ ਸਣੇ ਤਿੰਨ ਦੀ ਮੌਤ

ਨਿਊਯਾਰਕ: ਭਾਰਤੀ ਮੂਲ ਦੇ ਇੰਜਨੀਅਰ ਵਿਸ਼ਨੂ ਇਰਿਗੀ ਰੈੱਡੀ (48) ਸਮੇਤ ਤਿੰਨ ਵਿਅਕਤੀਆਂ ਦੀ ਨੌਰਥ ਕੈਸਕੇਡਸ ਰੇਂਜ ’ਚ ਪਹਾੜੀ ਚੋਟੀ ’ਤੇ ਚੜ੍ਹਾਈ ਸਮੇਂ ਡਿੱਗਣ ਕਾਰਨ ਮੌਤ ਹੋ ਗਈ। ਸਿਆਟਲ ਦਾ ਵਸਨੀਕ ਵਿਸ਼ਨੂ ਆਪਣੇ ਤਿੰਨ ਦੋਸਤਾਂ ਨਾਲ ਚੋਟੀ ’ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਐੱਨਬੀਸੀ ਨਿਊਜ਼ ਮੁਤਾਬਕ ਚੋਟੀ ’ਤੇ ਅਚਾਨਕ ਤੂਫ਼ਾਨ ਆਉਣ ਕਾਰਨ ਜਦੋਂ ਉਹ ਹੇਠਾਂ ਉਤਰ ਰਹੇ ਸਨ ਤਾਂ ਉਹ 200 ਫੁੱਟ ਹੇਠਾਂ ਡਿੱਗ ਗਏ। ਹਾਦਸੇ ’ਚ ਇਕ ਵਿਅਕਤੀ ਬਚ ਗਿਆ ਜਿਸ ਨੇ 64 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਣੇ ਦੋਸਤਾਂ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ। ਵਿਸ਼ਨੂ ਦੇ ਪਰਿਵਾਰ ਨੇ ਕਿਹਾ ਕਿ ਉਹ ਕੁਦਰਤ ਨਾਲ ਜੁੜਿਆ ਵਿਅਕਤੀ ਸੀ ਅਤੇ ਉਸ ਨੂੰ ਪਹਾੜਾਂ ’ਤੇ ਚੜ੍ਹਨਾ ਪਸੰਦ ਸੀ। ਉਹ ਫਲੂਕ ਕਾਰਪੋਰੇਸ਼ਨ ’ਚ ਇੰਜਨੀਅਰਿੰਗ ਦੇ ਮੀਤ ਪ੍ਰਧਾਨ ਵਜੋਂ ਕੰਮ ਕਰ ਰਿਹਾ ਸੀ। ਕੰਪਨੀ ਨੇ ਉਸ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟਾਇਆ ਹੈ।

Share: