ਰਿਆਸੀ : ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਚਨਾਬ ਨਦੀ ’ਤੇ ਬਣੇ ਸਲਾਲ ਡੈਮ ਦੇ ਗੇਟ ਪਹਿਲਗਾਮ ਅਤਿਵਾਦੀ ਹਮਲੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਟਕਰਾਅ ਕਾਰਨ ਬੰਦ ਕਰ ਦਿੱਤੇ ਗਏ ਸਨ। ਪਰ ਹੁਣ ਸੰਭਾਵੀ ਤੌਰ ’ਤੇ ਪਾਣੀ ਦੇ ਪੱਧਰ ਵਿਚ ਵਾਧੇ ਕਾਰਨ ਓਵਰਫਲੋ ਨੂੰ ਸੰਭਾਲਣ ਲਈ ਸ਼ੁੱਕਰਵਾਰ ਸਵੇਰੇ ਡੈਮ ਦੇ ਇਕ ਗੇਟ ਨੂੰ ਖੋਲ੍ਹ ਦਿੱਤਾ ਗਿਆ ਹੈ।
ਇਸ ਤੋਂ ਪਹਿਲਾ ਜੰਮੂ-ਕਸ਼ਮੀਰ ਵਿਚ ਭਾਰੀ ਮੀਂਹ ਤੋਂ ਬਾਅਦ 8 ਮਈ ਨੂੰ ਬਗਲੀਹਾਰ ਡੈਮ ਦੇ ਗੇਟ ਖੋਲ੍ਹੇ ਗਏ ਸਨ, ਜਿਸ ਕਾਰਨ ਹੜ੍ਹ ਆ ਸਕਦੇ ਸਨ। ਉਧਰ ਤਣਾਅ ਖ਼ਤਮ ਕਰਨ ਦੇ ਸਮਝੌਤੇ ਵੱਲ ਵਧਣ ਦੇ ਬਾਵਜੂਦ ਭਾਰਤ ਸਰਕਾਰ ਨੇ ਸਿੰਧ ਜਲ ਸੰਧੀ ’ਤੇ ਆਪਣਾ ਰੁਖ਼ ਕਾਇਮ ਰੱਖਿਆ ਹੈ, ਜੋ ਅਜੇ ਵੀ ਮੁਲਤਵੀ ਹੈ। ਜ਼ਿਕਰਯੋਗ ਹੈ ਕਿ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਸੰਧੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਸਿੰਧ ਪ੍ਰਣਾਲੀ ਵਿਚ ਮੁੱਖ ਸਿੰਧ ਨਦੀ, ਜੇਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ ਸ਼ਾਮਲ ਹਨ।