ਕੈਨੇਡਾ ’ਚ ਇਤਿਹਾਸ ਸਿਰਜੇਗਾ ਨਵਾਂ ਮੰਤਰੀ ਮੰਡਲ: ਕਾਰਨੀ

ਕੈਨੇਡਾ ’ਚ ਇਤਿਹਾਸ ਸਿਰਜੇਗਾ ਨਵਾਂ ਮੰਤਰੀ ਮੰਡਲ: ਕਾਰਨੀ

ਵੈਨਕੂਵਰ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਮੰਤਰੀ ਮੰਡਲ ਦੇ ਗਠਨ ਮਗਰੋਂ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੰਤਰੀ ਮੰਡਲ ਅਮਰੀਕਾ ਨਾਲ ਪੁਰਾਣੇ ਰਿਸ਼ਤਿਆਂ ਦੀ ਬਹਾਲੀ ਦੇ ਨਾਲ-ਨਾਲ ਕੈਨੇਡਾ ਦੀ ਆਰਥਿਕਤਾ ਮਜ਼ਬੂਤ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡੇਗਾ। ਸਹੁੰ ਚੁੱਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਾਰਨੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰੀ ਮੰਡਲ ਆਪਣੇ ਕੰਮ ਸਦਕਾ ਕੈਨੇਡਾ ਦੇ ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੀ ਅੱਖਰਾਂ ਵਿੱਚ ਆਪਣਾ ਨਾਮ ਦਰਜ ਕਰਵਾਏਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੋਟਰਾਂ ਦਾ ਭਰੋਸਾ ਕਾਇਮ ਰੱਖਣ ਲਈ ਉਨ੍ਹਾਂ ਦੇ ਵਜ਼ਾਰਤੀ ਭਾਈਵਾਲ ਪੂਰੀ ਦ੍ਰਿੜ੍ਹਤਾ ਨਾਲ ਕੰਮ ਕਰਨਗੇ। ਨੀਤੀਗਤ ਸੁਧਾਰ, ਵਿਕਾਸ ਅਤੇ ਬਦਲਾਅ ਕੈਨੇਡਿਆਈ ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਬਣਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਮੰਤਰੀ ਨੂੰ ਉਸ ਦੀ ਮੁਹਾਰਤ ਅਨੁਸਾਰ ਵਿਭਾਗ ਸੌਂਪੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਅਮਰੀਕੀ ਸਦਰ ਨਾਲ ਗੱਲਬਾਤ ਦੌਰਾਨ ਮਿਲੇਨੀ ਜੌਲੀ ਦੇ ਠੋਸ ਤੇ ਬਾਦਲੀਲ ਰੋਲ ਕਰਕੇ ਉਨ੍ਹਾਂ ਨੂੰ ਸਨਅਤ ਅਤੇ ਆਰਥਿਕਤਾ ਵਿਕਾਸ ਵਿਭਾਗ ਸੌਂਪਿਆ ਗਿਆ ਹੈ। ਅਨੀਤਾ ਆਨੰਦ ਨੂੰ ਵਿਦੇਸ਼ ਵਿਭਾਗ ਦਿੰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਆਲਮੀ ਸੂਝ ਦਾ ਹਵਾਲਾ ਦਿੱਤਾ। ਵਿੱਤੀ ਮੁਹਾਰਤ ਕਰਕੇ ਫਰੈਂਕੋ ਫਿਲਿਪਸ ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ। 28 ਮੈਂਬਰੀ ਕੈਬਨਿਟ ਵਿੱਚ 14 ਔਰਤਾਂ ਸ਼ਾਮਲ ਕੀਤੇ ਜਾਣ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਤਰੀ ਮੰਡਲ ਵਿੱਚ ਔਰਤਾਂ ਨੂੰ ਬਰਾਬਰ ਦੀਆਂ ਭਾਈਵਾਲ ਬਣਾ ਕੇ ਲਿੰਗ ਵਿਤਕਰਾ ਖ਼ਤਮ ਕੀਤਾ ਹੈ।

Share: