ਨਵੀਂ ਦਿੱਲੀ : ਪਾਕਿਸਤਾਨ ਸਰਕਾਰ ਜੈਸ਼-ਏ-ਮੁਹੰਮਦ ਦੇ ਮੁਖੀ ਤੇ ਅਮਰੀਕਾ ਵੱਲੋਂ ਦਹਿਸ਼ਤਗਰਦ ਐਲਾਨੇ ਮਸੂਦ ਅਜ਼ਹਰ ਨੂੰ ਹਾਲੀਆ ਭਾਰਤੀ ਹਵਾਈ ਹਮਲਿਆਂ ਵਿਚ ਮਾਰੇ ਗਏ ਉਸ ਦੇ 14 ਪਰਿਵਾਰਕ ਜ਼ੀਆਂ ਦੀ ਮੌਤ ਦੇ ਮੁਆਵਜ਼ੇ ਵਜੋਂ 14 ਕਰੋੜ ਰੁਪਏ ਦੀ ਅਦਾਇਗੀ ਕਰ ਸਕਦੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੇ ਕਾਨੂੰਨੀ ਵਾਰਸਾਂ ਲਈ ਵਿਆਪਕ ਸਹਾਇਤਾ ਅਤੇ ਪ੍ਰਤੀ ਮ੍ਰਿਤਕ 1 ਕਰੋੜ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਭਾਰਤ ਵੱਲੋਂ Operation Sindoor ਤਹਿਤ ਕੀਤੇ ਗਏ ਹਵਾਈ ਹਮਲਿਆਂ ਵਿਚ ਬਹਾਵਲਪੁਰ ’ਚ ਦਹਿਸ਼ਤੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਪਾਕਿਸਤਾਨ ਦਾ 12ਵਾਂ ਸਭ ਤੋਂ ਵੱਡਾ ਸ਼ਹਿਰ ਅਤੇ ਜੈਸ਼-ਏ-ਮੁਹੰਮਦ ਦਾ ਗੜ੍ਹ ਹੈ। ਲਾਹੌਰ ਤੋਂ ਕਰੀਬ 400 ਕਿਲੋਮੀਟਰ ਦੂਰ ਇਸ ਸ਼ਹਿਰ ਵਿੱਚ ਜਾਮੀਆ ਮਸਜਿਦ ਸੁਭਾਨ ਅੱਲ੍ਹਾ ਵਿਖੇ ਜੈਸ਼-ਏ-ਮੁਹੰਮਦ ਦਾ ਮੁੱਖ ਦਫ਼ਤਰ ਹੈ, ਜਿਸ ਨੂੰ ਉਸਮਾਨ-ਓ-ਅਲੀ ਕੈਂਪਸ ਵੀ ਕਿਹਾ ਜਾਂਦਾ ਹੈ।
ਅਜ਼ਹਰ ਨਾਲ ਜੁੜੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਮ੍ਰਿਤਕਾਂ ਵਿੱਚ ਉਸ ਦੀ ਵੱਡੀ ਭੈਣ ਅਤੇ ਉਸ ਦਾ ਪਤੀ, ਇੱਕ ਭਤੀਜਾ ਅਤੇ ਉਸ ਦੀ ਪਤਨੀ, ਇੱਕ ਭਤੀਜੀ ਅਤੇ ਉਸ ਦੇ ਵੱਡੇ ਪਰਿਵਾਰ ਦੇ ਪੰਜ ਬੱਚੇ ਸ਼ਾਮਲ ਸਨ। ਅਜ਼ਹਰ ਸੰਭਾਵੀ ਤੌਰ ’ਤੇ ਇਕਲੌਤਾ ਕਾਨੂੰਨੀ ਵਾਰਸ ਹੋਣ ਕਰਕੇ ਮਾਰੇ ਗਏ ਆਪਣੇ 14 ਪਰਿਵਾਰਕ ਮੈਂਬਰਾਂ ਲਈ 1 ਕਰੋੜ ਰੁਪਏ ਦੇ ਹਿਸਾਬ ਨਾਲ ਕੁੱਲ 14 ਕਰੋੜ ਰੁਪਏ ਦਾ ਹੱਕਦਾਰ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਸ਼ਰੀਫ਼ ਵੱਲੋਂ ਕੀਤੇ ਐਲਾਨ ਵਿਚ ਭਾਰਤੀ ਹਵਾਈ ਹਮਲਿਆਂ ’ਚ ਤਬਾਹ ਹੋਏ ਘਰਾਂ ਦੀ ਮੁੜ ਉਸਾਰੀ ਦੀ ਵਚਨਬੱਧਤਾ ਵੀ ਸ਼ਾਮਲ ਸੀ। ਕਾਬਿਲੇਗੌਰ ਹੈ ਕਿ ਭਾਰਤੀ ਰੱਖਿਆ ਅਧਿਕਾਰੀਆਂ ਨੇ ਕਈ ਵਾਰ ਦੁਹਰਾਇਆ ਹੈ ਕਿ 7 ਮਈ ਦੇ ਹਮਲੇ ਸਿਰਫ਼ ਦਹਿਸ਼ਤੀ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸਟੀਕ ਆਪ੍ਰੇਸ਼ਨ ਸਨ, ਅਤੇ ਕੋਈ ਵੀ ਨਾਗਰਿਕ ਖੇਤਰ ਪ੍ਰਭਾਵਿਤ ਨਹੀਂ ਹੋਇਆ ਸੀ। ਹੁਣ ਜਦੋਂ ਪਾਕਿਸਤਾਨ ਨੇ ਇਨ੍ਹਾਂ ਢਾਚਿਆਂ ਦੇ ਮੁੜ ਨਿਰਮਾਣ ਦਾ ਵਾਅਦਾ ਕੀਤਾ ਹੈ, ਤਾਂ ਅਜਿਹੇ ਵਿਚ ਭਾਰਤ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਗੱਲ ’ਤੇ ਬਰੀਕ ਨਜ਼ਰ ਰੱਖੇਗਾ ਕਿ ਕੀ ਇਨ੍ਹਾਂ ਥਾਵਾਂ ਨੂੰ ਮੁੜ ਤੋਂ ਦਹਿਸ਼ਤੀ ਸਿਖਲਾਈ ਜਾਂ ਸਰਗਰਮੀਆਂ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।