ਇਸਲਾਮਾਬਾਦ : ਭਾਰਤ ਅਤੇ ਪਾਕਿਸਤਾਨ ਦਰਮਿਆਨ ਸੰਬੰਧਾਂ ਵਿਚ ਤਣਾਅ ਹਾਲੇ ਵੀ ਜਾਰੀ ਹੈ, ਕਿਉਂਕਿ ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਨੂੰ ‘ਗ਼ੈਰ ਲੋੜੀਂਦਾ ਵਿਅਕਤੀ’ ਘੋਸ਼ਿਤ ਕਰਦਿਆਂ 24 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਇਸ ਦੇ ਜਵਾਬ ਵਿਚ ਪਾਕਿਸਤਾਨ ਨੇ ਵੀ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਨੂੰ ‘ਗ਼ੈਰ ਲੋੜੀਂਦਾ ਵਿਅਕਤੀ’ ਘੋਸ਼ਿਤ ਕਰ ਦਿੱਤਾ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਸੰਬੰਧਤ ਅਧਿਕਾਰੀ ਨੂੰ 24 ਘੰਟਿਆਂ ਦੇ ਅੰਦਰ ਪਾਕਿਸਤਾਨ ਛੱਡਣ ਦਾ ਹੁਕਮ ਦਿੱਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ, “ਪਾਕਿਸਤਾਨ ਸਰਕਾਰ ਨੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਇਕ ਮੈਂਬਰ ਨੂੰ ਉਸ ਦੀ ਵਿਸ਼ੇਸ਼ ਅਧਿਕਾਰਤ ਸਥਿਤੀ ਦੇ ਉਲਟ ਗਤਿਵਿਧੀਆਂ ਵਿਚ ਸ਼ਾਮਲ ਹੋਣ ਦੇ ਕਾਰਨ ‘ਗ਼ੈਰ ਲੋੜੀਂਦਾ ਵਿਅਕਤੀ’ ਘੋਸ਼ਿਤ ਕੀਤਾ ਹੈ।” ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ਭਾਰਤੀ ਹਾਈ ਕਮਿਸ਼ਨਰ ਨੂੰ ਮੰਗਲਵਾਰ ਨੂੰ ਵਿਦੇਸ਼ ਮੰਤਰਾਲੇ ਵਿਚ ਬੁਲਾਇਆ ਗਿਆ ਅਤੇ ਇਸ ਫੈਸਲੇ ਤੋਂ ਜਾਣਕਾਰ ਕਰਵਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਜਾਸੂਸੀ ਵਿਚ ਸ਼ਮੂਲੀਅਤ ਦੇ ਕਾਰਨ ਪਾਕਿਸਤਾਨ ਹਾਈ ਕਮਿਸ਼ਨ ਵਿਚ ਕੰਮ ਕਰ ਰਹੇ ਇਕ ਪਾਕਿਸਤਾਨੀ ਅਧਿਕਾਰੀ ਨੂੰ ਕੱਢਿਆ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਅਧਿਕਾਰੀ ਭਾਰਤ ਵਿਚ ਆਪਣੇ ਅਹੁਦੇ ਦੀ ਮਰਿਆਦਾ ਅਨੁਸਾਰ ਵਿਹਾਰ ਨਹੀਂ ਕਰ ਰਿਹਾ ਸੀ, ਇਸ ਲਈ ਉਸ ਨੂੰ 24 ਘੰਟਿਆਂ ਵਿਚ ਦੇਸ਼ ਛੱਡਣ ਲਈ ਕਿਹਾ ਗਿਆ।
ਇਹ ਕਾਰਵਾਈ ਦੋਹਾਂ ਦੇਸ਼ਾਂ ਵਿਚਾਲੇ ਚਾਰ ਦਿਨਾਂ ਦੀ ਫੌਜੀ ਝੜਪ ਤੋਂ ਬਾਅਦ ਵਧੇ ਤਣਾਅ ਦੇ ਵਿਚਕਾਰ ਸਾਹਮਣੇ ਆਈ ਹੈ। ਭਾਰਤ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੂੰ ਇਸ ਅਧਿਕਾਰੀ ਦੀ ਗਤਿਵਿਧੀਆਂ ਬਾਰੇ ਇਕ ਵਿਰੋਧ ਪੱਤਰ ਵੀ ਜਾਰੀ ਕੀਤਾ। ਹਾਲਾਂਕਿ ਵਿਦੇਸ਼ ਮੰਤਰਾਲੇ ਵਲੋਂ ਪਾਕਿਸਤਾਨੀ ਅਧਿਕਾਰੀ ਉੱਤੇ ਲਗਾਏ ਗਏ ਇਲਜ਼ਾਮਾਂ ਦੀ ਵਿਸਥਾਰ ਵਿਚ ਜਾਣਕਾਰੀ ਨਹੀਂ ਦਿੱਤੀ ਗਈ, ਪਰ ਸੂਤਰਾਂ ਅਨੁਸਾਰ ਇਹ ਇਲਜ਼ਾਮ ਇਕ ਜਾਸੂਸੀ ਮਾਮਲੇ ਨਾਲ ਸਬੰਧਿਤ ਹਨ, ਜਿਸ ਦੀ ਜਾਂਚ ਪੰਜਾਬ ਪੁਲੀਸ ਕਰ ਰਹੀ ਹੈ।
ਪੰਜਾਬ ਪੁਲੀਸ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵਿਚ ਤਾਇਨਾਤ ਇਕ ਪਾਕਿਸਤਾਨੀ ਅਧਿਕਾਰੀ ਨਾਲ ਜੁੜੀਆਂ ਜਾਸੂਸੀ ਗਤੀਵਿਧੀਆਂ ਵਿਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿਚ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਯੋਗ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਭਾਰਤੀ ਫੌਜ ਦੀਆਂ ਗਤਿਵਿਧੀਆਂ ਸਬੰਧੀ ਪਾਕਿਸਤਾਨ ਸਥਿਤ ਆਕਾਂਵਾਂ ਨੂੰ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ਾਂ ’ਚ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ।