ਕੀਵ : ਕ੍ਰੈਮਲਿਨ ਵੱਲੋਂ ਬਿਨਾ ਸ਼ਰਤ 30 ਦਿਨਾਂ ਦੀ ਜੰਗਬੰਦੀ ਦੀ ਤਜਵੀਜ਼ ਨੂੰ ਖਾਰਜ ਕਰਨ ਬਾਅਦ ਰੂਸ ਨੇ ਰਾਤ ਨੂੰ ਯੂਕਰੇਨ ’ਤੇ 100 ਤੋਂ ਵੱਧ ਡਰੋਨ ਦਾਗੇ। ਯੂਕਰੇਨ ਦੀ ਹਵਾਈ ਫੌਜ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਦਰਮਿਆਨ ਕ੍ਰੈਮਲਿਨ ਵੱਲੋਂ ਇਸ ਹਫ਼ਤੇ ਤੁਰਕੀ ਵਿੱਚ ਆਹਮੋ-ਸਾਹਮਣੇ ਸ਼ਾਂਤੀ ਵਾਰਤਾ ਕਰਨ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਮਿਲਣ ਦੀ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਦੀ ਚੁਣੌਤੀ ’ਤੇ ਕੋਈ ਪ੍ਰਤੀਕਿਰਿਆ ਨਹੀਂ ਆਈ।
ਅਮਰੀਕਾ ਅਤੇ ਯੂਰਪੀ ਸਰਕਾਰਾਂ ਨੇ ਜੰਗ ਰੋਕਣ ਲਈ ਸਖ਼ਤ ਕੋਸ਼ਿਸ਼ਾਂ ਕੀਤੀਆਂ ਹਨ। ਪਿਛਲੇ ਤਿੰਨ ਸਾਲਾਂ ਤੋਂ ਜਾਰੀ ਇਸ ਜੰਗ ਵਿੱਚ ਦੋਵੇਂ ਧਿਰਾਂ ਦੇ ਹਜ਼ਾਰਾਂ ਫੌਜੀਆਂ ਦੇ ਨਾਲ-ਨਾਲ 10,000 ਤੋਂ ਵੱਧ ਯੂਕਰੇਨ ਨਾਗਰਿਕ ਮਾਰੇ ਗਏ ਹਨ। ਰੂਸ ਦੀਆਂ ਹਮਲਾਵਰ ਫੌਜਾਂ ਯੂਕਰੇਨ ਦੇ ਲਗਪਗ 20 ਫੀਸਦ ਹਿੱਸੇ ’ਤੇ ਕਬਜ਼ਾ ਕਰ ਚੁੱਕੀਆਂ ਹਨ। ਹਫ਼ਤੇ ਦੇ ਅਖ਼ੀਰ ਵਿੱਚ ਕੂਟਨੀਤਕ ਘਟਨਾਕ੍ਰਮ ਵਿੱਚ, ਰੂਸ ਨੇ ਅਮਰੀਕਾ ਅਤੇ ਯੂਰਪੀ ਆਗੂਆਂ ਵੱਲੋਂ ਪੇਸ਼ ਕੀਤੀ ਗਈ ਜੰਗਬੰਦੀ ਦੀ ਤਜਵੀਜ਼ ਨੂੰ ਖਾਰਜ ਕਰ ਦਿੱਤਾ ਪਰ ਵੀਰਵਾਰ ਨੂੰ ਯੂਕਰੇਨ ਨਾਲ ਸਿੱਧੀ ਗੱਲਬਾਤ ਦੀ ਪੇਸ਼ਕਸ਼ ਕੀਤੀ। ਯੂਕਰੇਨ ਨੇ ਯੂਰਪੀ ਸਹਿਯੋਗੀਆਂ ਨਾਲ ਮਿਲ ਕੇ ਰੂਸ ਨਾਲ ਸ਼ਾਂਤੀ ਵਾਰਤਾ ਕਰਨ ਤੋਂ ਪਹਿਲਾਂ ਜੰਗਬੰਦੀ ਸਵੀਕਾਰ ਕਰਨ ਦੀ ਮੰਗ ਕੀਤੀ। ਮਾਸਕੋ ਨੇ ਪ੍ਰਭਾਵੀ ਤੌਰ ’ਤੇ ਉਸ ਤਜਵੀਜ਼ ਨੂੰ ਖਾਰਜ ਕਰ ਦਿੱਤਾ ਅਤੇ ਇਸ ਦੀ ਬਜਾਏ ਇਸਤਾਂਬੁਲ ਵਿੱਚ ਸਿੱਧੀ ਗੱਲਬਾਤ ਦੀ ਪੇਸ਼ਕਸ਼ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਨੂੰ ਰੂਸੀ ਪ੍ਰਸਤਾਵ ਨੂੰ ਸਵੀਕਾਰ ਕਰਨ ’ਤੇ ਜ਼ੋਰ ਦਿੱਤਾ ਹੈ। ਜ਼ੇਲੈਂਸਕੀ ਨੇ ਇਕ ਕਦਮ ਅੱਗੇ ਵਧ ਕੇ ਆਗੂਆਂ ਵਿਚਾਲੇ ਵਿਅਕਤੀਗਤ ਮੀਟਿੰਗ ਦੀ ਪੇਸ਼ਕਸ਼ ਕਰ ਕੇ ਪੂਤਿਨ ’ਤੇ ਦਬਾਅ ਬਣਾਇਆ।